ਸੰਤ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਸਥਾਪਿਤ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਅੱਜ ਸ਼ਾਮ ਵੇਲੇ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਘਰੇਲੂ ਸਾਮਾਨ ਦੇ ਚਾਰ ਟਰੱਕ ਭਰ ਕੇ ਰਵਾਨਾ ਕੀਤੇ ਗਏ। ਇਸ ਸਬੰਧੀ ਟਰੱਸਟੀ ਡਾਕਟਰ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਹੜ੍ਹ ਪੀੜਤਾਂ ਲਈ ਸਹਾਇਤਾ ਕਰਨ ਲਈ ਤੀਜੇ ਗੇੜ ਵਿੱਚ ਜਾ ਰਹੇ ਬਿਸਤਰਿਆਂ ਵਿੱਚ ਕੰਬਲ, ਖੇਸ, ਸਿਰਾਣਾ, ਚਾਦਰ, ਦਰੀ, ਰਜਾਈ, ਸੂਟ ਤੇ ਤਲਾਈ ਆਦਿ ਘਰੇਲੂ ਸਮਾਨ ਹਨ। ਉਨ੍ਹਾਂ ਕਿਹਾ ਕਿ ਲੋਹੀਆ ਇਲਾਕੇ ਦੇ ਪਿੰਡਾਂ ਮੁੰਡੀ ਚੋਲੀਆਂ, ਮੁੰਡੀ ਸਹਿਰੀਆਂ, ਗੱਟਾਂ ਮੁੰਡੀ ਕਾਸੂ, ਬਸਤੀ ਭਾਨੇਵਾਲ ਤੇ ਬਸਤੀ ਲੱਖਾ ਸਿੰਘ, ਮੰਡਾਲਾ ਛੰਨਾ, ਨਸੀਰਪੁਰ, ਮਹਿਰਾਜਵਾਲਾ, ਜਾਨੀਆ, ਮੰਡਾਲਾ ਨੱਲ-ਨਾਹਲ, ਭਾਨੇਵਾਲ ਆਦਿ ਦੇ ਸਰਪੰਚਾਂ ਤੋਂ ਘਰਾਂ ਦੀਆਂ ਲਿਸਟਾਂ ਬਣਵਾ ਕੇ ਸਾਮਾਨ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਹਾਇਤਾ ਲਈ ਟਰੱਸਟ ਹਮੇਸ਼ਾ ਤਤਪਰ ਰਿਹਾ ਹੈ।