ਪੰਜਾਬ ’ਚ ਹੜ੍ਹ ਪੀੜਤਾਂ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਪਾਰਟੀ ਦੇ ਲੁਧਿਆਣਾ ਤੋਂ ਕੌਂਸਲਰ ਆਪਣੇ ਇੱਕ ਮਹੀਨੇ ਦੀ ਤਨਖਾਹ ਸਹਾਇਤਾ ਵਜੋਂ ਦੇਣਗੇ। ਇਹ ਪੈਸੇ ਉਹ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਨਾ ਦੇ ਕੇ ਖਾਲਸਾ ਏਡ ਸੰਸਥਾ ਨੂੰ ਦੇਣਗੇ, ਜੋ ਇਸ ਸਮੇਂ ਹੜ੍ਹ ਪੀੜਤਾ ਦੀ ਮਦਦ ਕਰ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਵਿਧਾਇਕ ਬੈਂਸ ਭਰਾ ਨੇ ਅੱਜ ਇਸ ਸਬੰਧੀ ਕੋਟ ਮੰਗਲ ਸਿੰਘ ਨਗਰ ਆਪਣੇ ਦਫ਼ਤਰ ਵਿੱਚ ਪੱਤਰਕਾਰ ਮਿਲਣੀ ਕੀਤੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਾਰਟੀ ਐਂਬੂਲੈਸ ਤੇ ਡਾਕਟਰਾਂ ਦੀ ਇੱਕ ਟੀਮ ਲੈ ਕੇ ਹਲਕਾ ਲੋਹੀਆਂ ’ਚ ਜਾਣਗੇ, ਜਿੱਥੇ ਹੜ੍ਹ ਪੀੜਤਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਹੋਵੇਗਾ ਅਤੇ ਦਵਾਈਆਂ ਵੀ ਮੌਕੇ ’ਤੇ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਦਿੱਤੀਆਂ ਜਾਣਗੀਆਂ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹੜ੍ਹ ਦੇ ਇਹ ਹਾਲਾਤ ਪੰਜਾਬ ਸਰਕਾਰ ਦੀਆਂ ਤਿਆਰੀਆਂ ਦੀ ਪੋਲ ਖੋਲ੍ਹ ਰਹੇ ਹਨ। ਸਭ ਤੋਂ ਵੱਧ ਬੁਰਾ ਹਾਲ ਹਲਕਾ ਲੋਹੀਆਂ ’ਚ ਹੈ, ਜਿੱਥੇ ਹੁਣ ਤੱਕ 500 ਫੁੱਟ ਚੌੜੀ ਦਰਾਰ ਨੂੰ ਭਰਿਆ ਨਹੀਂ ਜਾ ਸਕਿਆ ਹੈ। ਇੱਥੇ ਕਈ ਪਿੰਡ 6 ਤੋਂ 7 ਫੁੱਟ ਤੱਕ ਡੁੱਬੇ ਹੋਏ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਸਮੇਤ ਕਈ ਹੋਰ ਇਲਾਕਿਆਂ ’ਚ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਹੈ। ਕੈਪਟਨ ਸਰਕਾਰ ਹੜ੍ਹ ਰੋਕਣ ’ਚ ਨਾਕਾਮ ਸਾਬਤ ਹੋਈ ਹੈ, ਹੁਣ ਕੇਂਦਰ ਸਰਕਾਰ ਤੋਂ ਇੱਕ ਹਜ਼ਾਰ ਕਰੋੜ ਦੀ ਮਦਦ ਮੰਗ ਰਹੇ ਹਨ। ਜਦਕਿ ਰਾਜਸਥਾਨ ਨੂੰ ਮੁਫ਼ਤ ਵਿੱਚ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਉਹ ਕਿਉਂ ਨਹੀਂ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਸਾਡਾ ਪਾਣੀ ਸਾਡਾ ਹੱਕ’ ਸਬੰਧੀ ਮੁਹਿੰਮ ਚਲਾ ਰਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਸ ਮੁਹਿੰਮ ਨੂੰ ਕੁਝ ਦਿਨ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੁਬਾਰਾ ਇਸ ਨੂੰ ਸ਼ੁਰੂ ਕੀਤਾ ਜਾਵੇਗਾ।
INDIA ਹੜ੍ਹ ਪੀੜਤਾਂ ਦੀ ਮਦਦ ਲਈ ਬੈਂਸ ਭਰਾ ਤੇ ਪਾਰਟੀ ਕੌਂਸਲਰ ਦੇਣਗੇ ਇੱਕ...