ਮੁੰਬਈ (ਸਮਾਜ ਵੀਕਲੀ) : ਅਦਾਕਾਰਾ-ਨਿਰਮਾਤਰੀ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਐਲਾਨ ਕੀਤਾ ਕਿ ਊਨ੍ਹਾਂ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਅਸਾਮ ਅਤੇ ਬਿਹਾਰ ਦੇ ਲੋਕਾਂ ਦੀ ਮਦਦ ਦਾ ਅਹਿਦ ਲਿਆ ਹੈ। ਬਿਆਨ ਰਾਹੀਂ ਅਨੁਸ਼ਕਾ ਅਤੇ ਵਿਰਾਟ ਨੇ ਕਿਹਾ ਕਿ ਊਹ ਰਾਹਤ ਕਾਰਜਾਂ ਵਿੱਚ ਜੁਟੀਆਂ ਤਿੰਨ ਸੰਸਥਾਵਾਂ — ਐਕਸ਼ਨ ਏਡ ਇੰਡੀਆ, ਰੈਪਿਡ ਰਿਸਪੌਂਸ ਅਤੇ ਗੂੰਜ ਨੂੰ ਸਹਿਯੋਗ ਦੇ ਰਹੇ ਹਨ।
ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਈ ਪੋਸਟ ਵਿਚ ਇਸ ਜੋੜੇ ਨੇ ਲਿਖਿਆ, ‘‘ਇੱਕ ਪਾਸੇ ਸਾਡਾ ਮੁਲਕ ਕਰੋਨਾਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ ਤਾਂ ਦੂਜੇ ਪਾਸੇ ਅਸਾਮ ਅਤੇ ਬਿਹਾਰ ਦੇ ਲੋਕ ਭਿਆਨਕ ਹੜ੍ਹਾਂ ਦੀ ਮਾਰ ਵੀ ਝੱਲ ਰਹੇ ਹਨ, ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।’’
ਅਨੁਸ਼ਕਾ ਨੇ ਅੱਗੇ ਲਿਖਿਆ, ‘‘ਅਸੀਂ ਅਸਾਮ ਅਤੇ ਬਿਹਾਰ ਦੇ ਲੋਕਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਨਾਲ ਹੀ ਮੈਂ ਅਤੇ ਵਿਰਾਟ ਨੇ ਤਿੰਨ ਸੰਸਥਾਵਾਂ (ਐਕਸ਼ਨ ਏਡ ਇੰਡੀਆ, ਰੈਪਿਡ ਰਿਸਪੌਂਸ ਅਤੇ ਗੂੰਜ) ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਅਹਿਦ ਵੀ ਲਿਆ ਹੈ। ਇਹ ਸੰਸਥਾਵਾਂ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਸਬੰਧੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ।’’ ਊਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਵੀ ਦੋਵਾਂ ਸੂਬਿਆਂ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆਊਣ ਦਾ ਸੱਦਾ ਦਿੱਤਾ ਹੈ।