ਹੜ੍ਹ ਦਾ ਪਾਣੀ ਕੱਢਣ ਲਈ ਲੋਕਾਂ ਨੇ ਧੁੱਸੀ ਬੰਨ੍ਹ ਤੋੜਿਆ

ਲੰਘੀ ਰਾਤ ਦਰਿਆ ਦੇ ਪਾਣੀ ਤੋਂ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਸਤਲੁਜ ਦਰਿਆ ਦਾ ਬੰਨ੍ਹ ਤੋੜ ਦਿੱਤਾ। ਇਹ ਬੰਨ੍ਹ ਪਾਣੀ ਨੂੰ ਵਾਪਸ ਦਰਿਆ ’ਚ ਭੇਜਣ ਲਈ ਤੋੜਿਆ ਗਿਆ। ਇਸ ਦੌਰਾਨ ਬੰਨ੍ਹ ਤੋੜਨ ਵਾਲਿਆਂ ਦਾ ਕੁੱਝ ਲੋਕਾਂ ਨੇ ਵਿਰੋਧ ਵੀ ਕੀਤਾ। ਇਹ ਵਿਰੋਧ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ, ਜਿਸ ਦਾ ਲੰਘੀ ਰਾਤ ਸੁਖਦ ਅੰਤ ਹੋ ਗਿਆ। ਲੋਕਾਂ ਨੇ ਦੱਸਿਆ ਕਿ ਇਹ ਵਿਰੋਧ ਕਿਸੇ ਵੇਲੇ ਵੀ ਗ਼ਲਤ ਦਿਸ਼ਾ ਵੱਲ ਜਾ ਸਕਦਾ ਸੀ ਕਿਉਂਕਿ ਕੁੱਝ ਲੋਕਾਂ ਦੇ ਮਨਾਂ ’ਚ ਤਹਿਸੀਲ ਨਕੋਦਰ ਦੇ ਇੱਕ ਪਿੰਡ ਦੀ ਘਟਨਾ ਵੀ ਯਾਦ ਆ ਰਹੀ ਸੀ, ਜਿਸ ਘਟਨਾ ‘ਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ। ਬੁਰਜ ਹਸਨ ਕੋਲ ਬੰਨ੍ਹ ਤੋੜਨ ਨਾਲ ਨਾਲ ਮਾਓ ਸਾਹਿਬ, ਸੰਗੋਵਾਲ, ਲਿੱਦੜ, ਭੁੱਲਰ, ਤਲਵਣ, ਪੁਆਦੜਾ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਬਣੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡ ਮਾਓ ਸਾਹਿਬ ਕੋਲ ਬੰਨ੍ਹ ਟੁੱਟਣ ਨਾਲ ਆਲ਼ੇ ਦੁਆਲੇ ਖੇਤਾਂ ’ਚ ਪਾਣੀ ਭਰ ਗਿਆ ਸੀ ਅਤੇ ਇਹ ਪਾਣੀ ਤਲਵਣ ਵੱਲ ਨੂੰ ਚਲਾ ਗਿਆ, ਜਿੱਥੇ ਇਹ ਪਾਣੀ ਜਮ੍ਹਾ ਹੋ ਗਿਆ। ਬੰਨ੍ਹ ਤੋੜਨ ਦਾ ਵਿਰੋਧ ਕਰਨ ਵਾਲਿਆਂ ਦੀ ਇਹ ਦਲੀਲ ਸੀ ਕਿ ਉਨ੍ਹਾਂ ਦੀਆਂ ਦਰਿਆ ਦੇ ਅੰਦਰ ਬੀਜੀਆਂ ਫ਼ਸਲਾਂ ਪ੍ਰਭਾਵਿਤ ਹੋਣਗੀਆਂ ਪਰ ਦਰਿਆ ਦੇ ਬਾਹਰ ਵੱਡਾ ਨੁਕਸਾਨ ਹੋ ਰਿਹਾ ਸੀ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਵੀ ਲਿਆਂਦਾ ਸੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਾ ਫੜੀ ਜਿਸ ਕਰ ਕੇ ਉਨ੍ਹਾਂ ਆਪ ਬੰਨ੍ਹ ਤੋੜਨ ਦਾ ਫ਼ੈਸਲਾ ਕੀਤਾ। ਮੌਕੇ ‘ਤੇ ਸ਼ੂਕਦਾ ਹੋਇਆ ਪਾਣੀ ਦਰਿਆ ਦੇ ਅੰਦਰ ਜਾ ਰਿਹਾ ਸੀ। ਪਾਣੀ ਦੇ ਸ਼ੂਕਣ ਕਾਰਨ ਅਸਲੀ ਦਰਿਆ ਬਾਹਰ ਹੀ ਵਗਦਾ ਲੱਗ ਰਿਹਾ ਸੀ।

Previous articleਪੀਯੂ: ਉਪ-ਕੁਲਪਤੀ ਨੇ ਹੰਗਾਮੇ ਕਾਰਨ ਸੈਨੇਟ ਮੀਟਿੰਗ ਵਿਚਾਲੇ ਛੱਡੀ
Next articleਬੁੱਢੇ ਦਰਿਆ ਦੇ ਪਾਣੀ ਨਾਲ ਤੀਜੇ ਦਿਨ ਵੀ ਭਰੀਆਂ ਰਹੀਆਂ ਸੜਕਾਂ