ਹੜ੍ਹਾਂ ਦੇ ਖ਼ਤਰੇ ਕਾਰਨ ਅੱਧੀ ਦਰਜਨ ਪਿੰਡ ਖਾਲੀ ਕਰਵਾਏ

ਪੰਜਾਬ ਵਿੱਚ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੇ ਗਏ ਹਾਈ ਅਲਰਟ ਤਹਿਤ ਸਤਲੁਜ ਕੰਢੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿੱਚ ਜਲਾਲਾਬਾਦ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਐੱਸਡੀਐੱਮ ਕੇਸ਼ਵ ਗੋਇਲ ਅਤੇ ਡੀਐੱਸਪੀ ਅਮਰਜੀਤ ਸਿੰਘ ਸਿੱਧੂ ਨੇ ਖੁਦ ਉਕਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਅਤੇ ਲੋਕਾਂ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ । ਐੱਸਡੀਐੱਮ ਕੇਸ਼ਵ ਗੋਇਲ ਨੇ ਪੰਜ ਪਿੰਡਾਂ ਢੰਡੀ ਕਦੀਮ, ਢਾਣੀ ਨੱਥਾ ਸਿੰਘ, ਆਤੂਵਾਲਾ, ਪੀਰੇਕੇ ਅਤੇ ਢਾਣੀ ਫੂਲਾ ਸਿੰਘ ਦੇ ਬਸ਼ਿੰਦਿਆਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਰਹਿਣ ਲਈ ਘੁਬਾਇਆ ਐਲੀਮੈਂਟਰੀ ਸਕੂਲ, ਪ੍ਰਭਾਤ ਸਿੰਘ ਵਾਲਾ ਅਤੇ ਬੱਘੇ ਕੇ ਹਿਠਾੜ ’ਚ ਕੈਂਪ ਬਣਾਏ ਗਏ ਹਨ। ਬਾਰਡਰ ਪੱਟੀ ’ਤੇ ਬਸਤੀ ਢਾਣੀ ਨੱਥਾ ਸਿੰਘ ਵਿਚ ਐਸਡੀਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਇਸ ਹਲਕੇ ਦੇ ਪੰਜ ਪਿੰਡ ਹਾਈ ਅਲਰਟ ਉੱਤੇ ਹਨ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਪਾਣੀ ਆਉਣ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਉੱਠ ਕੇ ਆਉਣ ਵਾਲੇ ਲੋਕਾਂ ਲਈ ਜਲਾਲਾਬਾਦ ਵਿੱਚ ਦੋ ਥਾਵਾਂ ਤੇ ਅਤੇ ਵੱਖ ਵੱਖ ਪਿੰਡਾਂ ਵਿੱਚ ਰਿਲੀਫ ਕੈਂਪ ਬਣਾਏ ਗਏ ਹਨ, ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਤਰ੍ਹਾਂ ਨਾਲ ਮੁਸਤੈਦੀ ਨਾਲ ਸੇਵਾ ਕਰ ਰਹੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਉਧਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ 31 ਸਾਲਾਂ ਤੋਂ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਹਰ ਸਾਲ ਉਨ੍ਹਾਂ ਦਾ ਭਾਰੀ ਨੁਕਸਾਨ ਸਤਲੁਜ ਦਾ ਪਾਣੀ ਆ ਜਾਣ ਕਾਰਨ ਹੁੰਦਾ ਹੈ । ਹਰੀਕੇ ਹੈੱਡ ਤੋਂ ਬੀਤੇ ਦਿਨ ਸਤਲੁਜ ਅਤੇ ਬਿਆਸ ਦੇ ਸੰਗਮ ਦਾ ਪਾਣੀ ਛੱਡੇ ਜਾਣ ਕਾਰਨ ਸੀਮਾ ਪੱਟੀ ਦੇ ਕਈ ਇਲਾਕੇ ਹੜ੍ਹਾਂ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਇਸ ਕਾਰਨ ਦਰਿਆਈ ਇਲਾਕਿਆਂ ਵਿੱਚ ਕਿਸਾਨਾਂ ਵਲੋਂ ਬੀਜੀ ਗਈ ਝੋਨੇ, ਹਰੇ-ਚਾਰੇ, ਸਬਜ਼ੀਆਂ ਅਤੇ ਕਮਾਦ ਹੀ ਫ਼ਸਲ ਪਾਣੀ ਦੀ ਮਾਰ ਕਾਰਨ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਬੋਦਲ ਪੀਰੇਕੇ, ਢਾਣੀ ਨੱਥਾ ਸਿੰਘ, ਮਹਿਮੂਦ ਖਾਨਕੇ, ਗੱਟੀ ਅਜੈਬ ਸਿੰਘ, ਨੌ ਬਹਿਰਾਮ ਸ਼ੇਰ ਸਿੰਘ ਵਾਲਾ ਅਤੇ ਢਾਣੀ ਫੂਲਾ ਸਿੰਘ ਤੋਂ ਇਲਾਵਾ ਕਰੀਬ ਦਰਜਨ ਪਿੰਡ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਉਂਦੇ ਹਨ। ਪਿੰਡ ਬੋਦਲ ਪੀਰੇ ਕੇ ਦੇ ਕਿਸਾਨ ਰਮੇਸ਼ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨਾ, ਹਰਾ ਚਾਰਾ, ਸਬਜ਼ੀਆਂ ਅਤੇ ਹੋਰ ਫਸਲਾਂ ਤਬਾਹ ਹੋਣ ਕਾਰਣ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਗੁਰੂਹਰਸਹਾਏ ਦੇ ਐੱਸਡੀਐੱਮ ਕੁਲਦੀਪ ਬਾਵਾ ਨੇ ਦੱਸਿਆ ਕਿ ਗੁਰੂਹਰਸਹਾਏ ਹਲਕੇ ਅੰਦਰ 27 ਪਿੰਡ ਦਰਿਆਈ ਪਾਣੀ ਦੀ ਮਾਰ ਹੇਠ ਆਉਂਦੇ ਹਨ। ਉਨ੍ਹਾਂ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ । ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਠਹਿਰਣ, ਖਾਣ-ਪੀਣ ਅਤੇ ਸਿਹਤ ਸੇਵਾਵਾਂ ਤੇ ਡਾਕਟਰ ਦੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਗੁਰੂਹਰਸਹਾਏ ਅੰਦਰ ਛੇ ਥਾਵਾਂ ’ਤੇ ਕੈਂਪ ਬਣਾਏ ਗਏ ਹਨ।

Previous articleਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪੁੱਜੇ ਅਡਵਾਨੀ
Next articleਸਤਲੁਜ ਨੇੜਲੇ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟਿਆ