ਹੌਟ ਸਪਰਿੰਗਜ਼ ਤੇ ਗੋਗਰਾ ’ਚੋਂ ਚੀਨੀ ਫ਼ੌਜ ਦਾ ਪਿੱਛੇ ਹਟਣਾ ਜਾਰੀ

ਨਵੀਂ ਦਿੱਲੀ (ਸਮਾਜਵੀਕਲੀ) : ਪੂਰਬੀ ਲੱਦਾਖ ਸਥਿਤ ਹੌਟ ਸਪਰਿੰਗਜ਼ ਅਤੇ ਗੋਗਰਾ ਵਿੱਚ ਅੱਜ ਲਗਾਤਾਰ ਦੂਜੇ ਦਿਨ ਚੀਨੀ ਦਸਤਿਆਂ ਦਾ ਹੌਲੀ-ਹੌਲੀ ਪਿੱਛੇ ਹਟਣਾ ਜਾਰੀ ਰਿਹਾ। ਚੀਨੀ ਫੌਜ ਵਲੋਂ ਖੇਤਰ ਵਿੱਚ ਗੱਡੇ ਆਰਜ਼ੀ ਤੰਬੂ ਵੀ ਹਟਾ ਲਏ ਗਏ ਹਨ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਵਲੋਂ ਚੀਨੀ ਫੌਜ ਦੀ ਪਿੱਛੇ ਹਟਣ ਦੀ ਕਾਰਵਾਈ ’ਤੇ ਕਰੜੀ ਨਿਗ੍ਹਾ ਰੱਖੀ ਜਾ ਰਹੀ ਹੈ।

ਗੋਗਰਾ ਅਤੇ ਹੌਟਸਪਰਿੰਗਜ਼ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਪਿਛਲੇ ਅੱਠ ਹਫ਼ਤਿਆਂ ਤੋਂ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਤਣਾਅ ਘਟਾਊਣ ਲਈ ਬਣੀ ਆਪਸੀ ਸਹਿਮਤੀ ਤੋਂ ਬਾਅਦ ਦੌਵਾਂ ਥਾਵਾਂ ’ਤੇ ਫੌਜੀ ਦਸਤਿਆਂ ਦੀ ਪਿੱਛੇ ਹਟਣ ਦੀ ਪ੍ਰਕਿਰਿਆ ਦੋ ਦਿਨਾਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਵਾਂ ਖੇਤਰਾਂ ਵਿਚੋਂ ਚੀਨੀ ਫੌਜੀ ਨੇ ਕਾਫ਼ੀ ਫੌਜੀ ਦਸਤੇ ਪਿੱਛੇ ਹਟਾ ਲਏ ਹਨ।

ਇਹ ਕਾਰਵਾਈ ਸੋਮਵਾਰ ਦੀ ਸਵੇਰ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਐਤਵਾਰ ਨੂੰ ਟੈਲੀਫੋਨ ’ਤੇ ਦੋ ਘੰਟੇ ਗੱਲਬਾਤ ਹੋਈ ਸੀ, ਜਿਸ ਦੌਰਾਨ ਊਨ੍ਹਾਂ ਵਿਚਾਲੇ ਖੇਤਰ ’ਚੋਂ ਜਲਦੀ ਫੌਜਾਂ ਹਟਾਊਣ ’ਤੇ ਸਹਿਮਤੀ ਬਣੀ ਸੀ।

ਸੂਤਰਾਂ ਅਨੁਸਾਰ ਖੇਤਰ ਵਿੱਚ ਤਲਖੀ ਘਟਾਊਣ ਦੀ ਇਸ ਪ੍ਰਕਿਰਿਆ ਦੌਰਾਨ ਭਾਰਤੀ ਫੌਜ ਵਲੋਂ ਆਪਣੀ ਚੌਕਸੀ ਨਹੀਂ ਘਟਾਈ ਜਾ ਰਹੀ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਊੁੱਚ-ਪੱਧਰੀ ਅਲਰਟ ਜਾਰੀ ਰੱਖਿਆ ਜਾਵੇਗਾ। ਸੂਤਰਾਂ ਅਨੁਸਾਰ ਫੌਜਾਂ ਹਟਾਊਣ ਦੀ ਪਹਿਲੇ ਪੜਾਅ ਦੀ ਪ੍ਰਕਿਰਿਆ ਤੋਂ ਬਾਅਦ ਇਸ ਹਫ਼ਤੇ ਦੇ ਅਖੀਰ ਤੱਕ ਦੋਵਾਂ ਫੌਜਾਂ ਵਿਚਾਲੇ ਮੁੜ ਗੱਲਬਾਤ ਹੋਣ ਦੀ ਸੰਭਾਵਨਾ ਹੈ।

Previous articleਯੂਨੀਟੈੱਕ ਪ੍ਰਮੋਟਰ ਸੰਜੈ ਚੰਦਰਾ ਨੂੰ ਮਿਲੀ ਅੰਤਰਿਮ ਜ਼ਮਾਨਤ
Next articleਇਲਾਜ ਲਈ 400 ਕਿਲੋਮੀਟਰ ਚੱਲ ਕੇ ਆਇਆ ਬੱਚਾ, ਕੁਝ ਘੰਟਿਆਂ ਬਾਅਦ ਮੌਤ