ਪੁਰਾਣੀ ਦਿੱਲੀ ਦੇ ਹੌਜ਼ ਕਾਜ਼ੀ ਇਲਾਕੇ ’ਚ ਪਾਰਕਿੰਗ ਵਿਵਾਦ ਮਗਰੋਂ ਧਾਰਿਮਕ ਅਸਥਾਨ ’ਚ ਭੰਨ-ਤੋੜ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲੀਸ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਅੱਜ ਤਲਬ ਕਰਕੇ ਉਨ੍ਹਾਂ ਤੋਂ ਘਟਨਾ ਤੇ ਹਾਲਾਤ ਬਾਰੇ ਜਾਣਕਾਰੀ ਲਈ। ਉਧਰ ਲਾਲ ਕੂੰਆਂ ਹਲਕੇ ਅੰਦਰ ਹਾਲਤ ਆਮ ਵਰਗੇ ਹੋ ਗਏ ਹਨ ਪਰ ਪੁਲੀਸ ਦਾ ਪਹਿਰਾ ਜਾਰੀ ਹੈ। ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਦਿੱਲੀ ਪੁਲੀਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਦੱਸਿਆ ਕਿ ਇਹ ਇਕ ਰੁਟੀਨ ਬੈਠਕ ਸੀ। ਉਨ੍ਹਾਂ ਕਿਹਾ ਕਿ ਹੌਜ਼ ਕਾਜ਼ੀ ’ਚ ਹਾਲਾਤ ਕਾਬੂ ਹੇਠ ਹਨ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਘਟਨਾ ਦੌਰਾਨ ਇਕ ਗੁੱਟ ਨੇ ਇਲਾਕੇ ’ਚ ਮੌਜੂਦ ਧਾਰਮਿਕ ਸਥਾਨ ’ਚ ਭੰਨ-ਤੋੜ ਕੀਤੀ ਸੀ ਜਿਸ ਕਾਰਨ ਤਣਾਅ ਦਾ ਮਾਹੌਲ ਹੋ ਗਿਆ ਸੀ। ਸੋਮਵਾਰ ਨੂੰ ਦੋ ਗੁੱਟਾਂ ’ਚ ਪਥਰਾਅ ਵੀ ਹੋਇਆ ਸੀ, ਜਿਸ ਵਿਚ ਦੋ ਮੀਡੀਆਕਰਮੀ ਜ਼ਖ਼ਮੀ ਹੋ ਗਏ ਸਨ।
INDIA ਹੌਜ਼ ਕਾਜ਼ੀ ਮਾਮਲਾ: ਅਮਿਤ ਸ਼ਾਹ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਤਲਬ ਕੀਤਾ