ਕਪੂਰਥਲਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ’ਚ ਰਹਿਣ ਵਾਲੇ 70 ਵਿਦਿਆਰਥੀਆਂ ਦੀ ਰਾਤ ਨੂੰ ਮੈਸ ਦਾ ਖਾਣਾ ਖਾਣ ਨਾਲ ਤਬੀਅਤ ਵਿਗੜ ਗਈ। ਦਾਲ ਤੇ ਆਲੂਆਂ ਦੀ ਸਬਜ਼ੀ ਖਾਣ ਤੋਂ ਕਰੀਬ ਇਕ ਘੰਟਾ ਬਾਅਦ ਲਗਭਗ 70 ਵਿਦਿਆਰਥੀਆਂ ਨੂੰ ਉਲਟੀਆਂ ਤੇ ਦਸਤ ਲੱਗਣੇ ਸ਼ੁਰੂ ਹੋ ਗਏ। ਇਕਦਮ ਵਿਦਿਆਰਥੀਆਂ ਦੀ ਤਬੀਅਤ ਵਿਗੜਣ ’ਤੇ ਪੂਰੀ ਯੂਨੀਵਰਸਿਟੀ ’ਚ ਭਾਜੜ ਮੱਚ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਪੀਟੀਯੂ ’ਚ ਬਣੀ ਡਿਸਪੈਂਸਰੀ ’ਚ ਮੁੱਢਲੇ ਇਲਾਜ ਤੋਂ ਬਾਅਦ ਕਰੀਬ 30 ਵਿਦਿਆਰਥੀਆਂ ਨੂੰ ਐਂਬੂਲੈਂਸ ਦੇ ਜ਼ਰੀਏ ਸਿਵਲ ਹਪਸਤਾਲ ਕਪੂਰਥਲਾ ਪਹੁੰਚਾਇਆ ਗਿਆ, ਜਿਲ੍ਹਾਂ ’ਚੋਂ 22 ਠੀਕ ਹੋ ਕੇ ਹੋਸਟਲ ਪਰਤ ਚੁੱਕੇ ਹਨ, ਜਦੋਂਕਿ ਅੱਠ ਅਜੇ ਵੀ ਹਸਪਤਾਲ ’ਚ ਦਾਖ਼ਲ ਹਨ। ਇਨ੍ਹਾਂ ਵਿਦਿਆਰਥੀਆਂ ਦੀ ਹਾਲਤ ’ਚ ਵੀ ਸੁਧਾਰ ਹੋ ਰਿਹਾ ਹੈ।
ਉੱਧਰ, ਸਹਿਤ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਵੱਲੋਂ ਪੀਟੀਯੂ ’ਚ ਜਾ ਕੇ ਮੈਸ ਦੇ ਖਾਣੇ ਤੇ ਪਾਣੀ ਦੇ ਸੈਂਪਲ ਲੈ ਲਏ ਹਨ। ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੀਟੀਯੂ ਦੀ ਮੈਸ ’ਚ ਬਣੇ ਖਾਣੇ ’ਚ ਦੁਪਹਿਰ ਨੂੰ ਕੜ੍ਹੀ ਚੌਲ ਅਤੇ ਰਾਤ ਨੂੰ ਦਾਲ ਤੇ ਆਲੂ ਦੀ ਸਬਜ਼ੀ ਹੀ ਖਾਧੀ ਸੀ, ਬਾਹਰੋਂ ਕੁਝ ਵੀ ਨਹੀਂ ਖਾਧਾ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਉਲਟੀਆਂ ਤੇ ਦਸਤ ਲੱਗਣੇ ਸ਼ੁਰੂ ਹੋ ਗਏ। ਇਸ ਦੀ ਜਾਣਕਾਰੀ ਉਨ੍ਹਾਂ ਨੇ ਹੋਸਟਲ ਸਟਾਫ਼ ਨੂੰ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ।