ਮਿੰਨੀ ਕਹਾਣੀ
ਡਰਾਇੰਗ ਮਾਸਟਰ ਦਰਸ਼ਨ ਸਿੰਘ ਦੀ ਆਦਤ ਸੀ ਕਿ ਉਹ ਸਵੇਰ ਅਖ਼ਬਾਰ ਦੇ ਮੱਥੇ ਲੱਗਣ ਬਿੰਨਾ ਚਾਹ ਨਹੀਂ ਸੀ ਪੀਂਦਾ। ਅੱਜ ਵੀ ਜਦੋਂ ਉਸ ਨੇ ਪੰਜਾਬੀ ਦਾ ਅਖ਼ਬਾਰ ਚੁੱਕਿਆ ਤਾਂ ਉਸ ਦੇ ਮੁੱਖ ਪੰਨੇ’ ਤੇ ਲਿਖਿਆ ਸੀ ‘ਅੱਜ ਤੋਂ ਖੁੱਲਣਗੇ ਸ਼ਰਾਬ ਦੇ ਠੇਕੇ, ਹੋਵੇਗੀ ਸ਼ਰਾਬ ਦੀ ਹੋਮ ਡਲਿਵਰੀ।’
ਖ਼ਬਰ ਪੜ੍ਹਕੇ ਮਾਸਟਰ ਦਰਸ਼ਨ ਸਿੰਘ ਕਹਿਣ ਲੱਗਾ ‘ਵਾਹ! ਨੀ ਸਰਕਾਰੇ ਤੇਰੇ ਵੀ ਰੰਗ ਨਿਆਰੇ, ਤੂੰ ਅੱਜ ਸ਼ਰਾਬ ਨੂੰ ਵੀ ਲੋਕਾਂ (ਸ਼ਰਾਬੀਆਂ) ਦੀਆਂ ਬੁਨਿਆਦੀ ਲੋੜਾਂ ਵਿਚ ਸ਼ਾਮਿਲ ਕਰ ਦਿੱਤਾ।’
ਖ਼ਬਰ ਪੜ੍ਹਦਿਆਂ ਉਸ ਨੂੰ ਲਾਕਡਾਉਨ ਤੋਂ ਪਹਿਲਾਂ ਦੇ ਸਕੂਲੀ ਦਿਨ ਯਾਦ ਆ ਗਏ ਜਦੋਂ ਉਸ ਨੇ ਸਰਕਾਰੀ/ਵਿਭਾਗੀ ਚਿੱਠੀ ਮੁਤਾਬਿਕ ਸਕੂਲ ਵਿਚ ਇੱਕ ‘ਬੱਡੀ ਗਰੁੱਪ’ ਬਣਾਇਆ ਸੀ ਅਤੇ ਪ੍ਰਿੰਸੀਪਲ ਸਾਹਿਬ ਨੇ ਉਸ ਨੂੰ ਇਸ ਗਰੁੱਪ ਦਾ ਨੋਡਲ ਅਫ਼ਸਰ ਨਾਮਜ਼ਦ ਕੀਤਾ ਸੀ।ਨੋਡਲ਼ ਅਫ਼ਸਰ ਹੋਣ ਦੇ ਨਾਤੇ ਉਹ ਹਰ ਸ਼ੁਕਰਵਾਰ ਨੂੰ ਸਕੂਲ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ-ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ (ਬੱਚਿਆਂ ਤੋਂ) ਸਕਿੱਟ, ਭਾਸ਼ਣ ਅਤੇ ਕਵਿਤਾਵਾਂ ਤਿਆਰ ਕਰਵਾ ਕੇ ਸਵੇਰ ਦੀ ਸਭਾ ਵਿਚ ਪੇਸ਼ ਕਰਦਾ ਸੀ। ਇਸ ਤੋਂ ਇਲਾਵਾ ਇਸ ਗਰੁੱਪ ਰਾਹੀਂ ਮਾਸਟਰ ਦਰਸ਼ਨ ਸਿੰਘ ਨੇ ਸਕੂਲ ਦੇ ਆਲੇ-ਦੁਆਲੇ ਕਈ ਨਸ਼ਾ-ਵਿਰੋਧੀ ਰੈਲੀਆਂ ਵੀ ਕੱਢੀਆਂ ਸਨ ਜਿਨ੍ਹਾਂ ਵਿਚ ਅੱਗੇ ਹੋ ਕਿ ਉਸ ਨੇ ਉੱਚੀ ਆਵਾਜ਼ ਵਿਚ ਨਾਅਰੇ ਬੁਲੰਦ ਕੀਤੇ ਸਨ ‘ਜਾਗੋ! ਜਾਗੋ!! ਨਸ਼ੇ ਤਿਆਗੋ।’
ਅਖ਼ਬਾਰ ਪੜ੍ਹਕੇ ਮਾਸਟਰ ਦਰਸ਼ਨ ਸਿੰਘ ਨੂੂੰ ਲੱਗਣ ਲੱਗਾ ਕਿ ਜਿਵੇਂ ਇਸ ਖ਼ਬਰ ਨੇ ਉਸ ਦੀ ਕੀਤੀ-ਕਰਾਈ ‘ਤੇ ਪਾਣੀ ਫ਼ੇਰ ਦਿੱਤਾ ਹੋਵੇ ਅਤੇ ਜਦੋਂ ਉਸ ਨੇ ਸਰਕਾਰ ਦੀ ਉਸ ਚਿੱਠੀ ਅਤੇ ਅੱਜ ਦੀ ਖ਼ਬਰ ਨੂੰ ਹਕੀਕਤ ਦੀ ਤੱਕੜੀ ਵਿਚ ਪਾ ਕੇ ਤੋਲਿਆ ਤਾਂ ਇਹ ਤੋਲ ‘ਹਾਥੀ ਦੇ ਦੰਦਾਂ ਵਾਂਗ ਲੱਗਾ ਜਿਹੜੇ ਖਾਣ ਨੂੰ ਹੋਰ ਤੇ………..।’
-ਰਮੇਸ਼ ਬੱਗਾ ਚੋਹਲਾ, (ਲੁਧਿਆਣਾ) ਮੋਬ:9463132719