ਬਾਹਰੀ ਸੂਬਿਆਂ ਤੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਐਸਟੀਐਫ਼ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਰਿਸ਼ਤੇ ’ਚ ਜੀਜਾ ਸਾਲਾ ਲੱਗਦੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਧੂਰੀ ਲਾਈਨ ਦੇ ਕੋਲ ਸਥਿਤ ਮਨੋਹਰ ਨਗਰ ਇਲਾਕੇ ’ਚ ਹੈਰੋਇਨ ਦੇਣ ਲਈ ਜਾ ਰਹੇ ਸਨ। ਪੁਲੀਸ ਨੇ ਦੋਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 228 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਐਸਟੀਐਫ਼ ਦੀ ਟੀਮ ਨੇ ਥਾਣਾ ਮਾਡਲ ਟਾਊਨ ’ਚ ਮਾਡਲ ਟਾਊਨ ਮਨੋਹਰ ਨਗਰ ਵਾਸੀ ਰਮੇਸ਼ ਕੁਮਾਰ ਉਰਫ਼ ਬੰਗਾਲੀ ਤੇ ਜਗਤਪਾਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੁਲੀਸ ਰਿਮਾਂਡ ’ਤੇ ਲੈ ਕੇ ਮੁਲਜ਼ਮਾਂ ਤੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਧੂਰੀ ਲਾਈਨ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਐਕਟਿਵਾ ਸਕੂਟਰ ’ਤੇ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਹੇ ਹਨ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਨਾਕਾਬੰਦੀ ਕਰਕੇ ਘੇਰ ਲਿਆ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਬੰਗਾਲੀ ਦੁਗਰੀ ਇਲਾਕੇ ’ਚ ਮੱਛੀ ਦਾ ਕਾਰੋਬਾਰ ਕਰਦਾ ਹੈ। ਮੁਲਜ਼ਮ ਪਿਛਲੇ ਕਰੀਬ 1 ਸਾਲ ਤੋਂ ਹੈਰੋਇਨ ਸਪਲਾਈ ਕਰਦਾ ਆ ਰਿਹਾ ਹੈ। ਮੁਲਜ਼ਮ ਬੰਗਾਲੀ ਦੇ ਖਿਲਾਫ਼ ਨਸ਼ਾ ਤਸਕਰੀ ਦੇ ਦੋ ਤੇ ਕੁੱਟਮਾਰ ਦਾ ਕੇਸ ਦਰਜ ਹੈ। ਮੁਲਜ਼ਮ ਨਸ਼ਾ ਤਸਕਰੀ ਦੇ ਇੱਕ ਮਾਮਲੇ ’ਚ ਦੋ ਸਾਲ ਦੀ ਸਜ਼ਾ ਕੱਟ ਕੇ ਕਰੀਬ ਡੇਢ ਸਾਲ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਜਗਤਪਾਲ ਦੇ ਨਾਲ ਮਿਲ ਕੇ ਹੈਰੋਇਨ ਤਸਕਰੀ ਦਾ ਧੰਦਾ ਫਿਰ ਤੋਂ ਸ਼ੁਰੂ ਕਰ ਦਿੱਤਾ। ਉਹ ਦੋਵੇਂ ਬਾਹਰੀ ਸੂਬਿਆਂ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਦੇ ਹਨ।
INDIA ਹੈਰੋਇਨ ਤਸਕਰ ਜੀਜਾ-ਸਾਲਾ ਸਣੇ ਤਿੰਨ ਗ੍ਰਿਫ਼ਤਾਰ