ਹੈਪੀ ਦੀ ਮੰਮੀ ਨਾਲ਼ ਸਰਸਰੀ ਜਿਹੀ ਮੁਲਾਕਾਤ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

(ਹਾਸ–ਵਿਅੰਗ)

ਹੋਰ ਕੰਮ ਤਾਂ ਕੋਈ ਹੈ ਨਹੀਂ ਅੱਜਕੱਲ੍ਹ। ਕੋਰੋਨਾ ਤੇ ਲਾੱਕਡਾਊਨ ਨੇ ਰੁਜ਼ਗਾਰ ਆਲ਼ੀ ਤਾਂ ਫੱਟੀ ਪੋਚੀ ਪਈ ਐ। ਸ਼ਾਮ ਜੇ ਵੇਲ਼ੇ ਮੈਂ ਘਰੋਂ ਬਾਹਰ ਨਿਕਲ਼ਿਆ ਤਾਂ ਦੇਖਿਆਠ ਸਾਡੀ ਗੁਆਂਢਣ ਹੈਪੀ ਦੀ ਮੰਮੀ ਆਪਣੇ ਘਰ ਦੇ ਬਾਹਰ ਚੌਂਤਰੇ ਉੱਤੇ ਵਿਹਲੀ ਜਿਹੀ ਬੈਠੀ ਸੀ। ਸੋਚਿਆ ‘ਚਲੋ, ਹੈਪੀ ਦੀ ਮੰਮੀ ਕੋਲ਼ੇ ਜਾ ਕੇ ਬਹਿਨੇ ਆਂ। ਨਾਲ਼ੇ ਤਾਂ ਅਨਮੀਆਂ ਤੋਂ ਅਨਮੀਆਂ ਗੱਲਾਂ ਸੁਣਾ ਕੇ ਦਿਲ ਲਾਈ ਰੱਖੂ, ਨਾਲ਼ੇ ਮੁਹੱਲੇਦਾਰੀ ਦੀ ਖ਼ਬਰਸਾਰ ਦੇਊ ਕਿਉਂਕਿ ਮੈਂ ਤਾਂ ਘਰੋਂ ਬਾਹਰ ਘੱਟ ਹੀ ਨਿਕਲ਼ਦਾ ਹਾਂ ਇਸ ਲਈ ਮੈਨੂੰ ਨਹੀਂ ਪਤਾ ਕਿ ਮੇਰੇ ਆਸੇ ਪਾਸੇ ਕੀ ਕੁਝ ਵਾਪਰ ਰਿਹਾ ਹੈ !!

ਹੈਪੀ ਦੀ ਮੰਮੀ ਨੂੰ ਮੇਰਾ ਨਾਂ ਅਕਸਰ ਭੁੱਲ ਜਾਂਦੈ। ਜੇ ਯਾਦ ਰਹਿਜੇ ਤਾਂ ਸਬਾਮੀ ਕਹਿਦੂ, ਨਹੀਂ ਕਦੇ ਰਿਸ਼ੀ ਆਖ ਬੁਲਾਊ, ਕਦੇ ਮੁਨੀ, ਕਦੇ ਫਕੀਰ ਕਹਿ ਦਿੰਦੀ, ਕਦੇ ਸਾਧੂ। ਜੇ ਕਦੇ ਕਿਸੇ ਕੋਲ਼ ਮੇਰੀ ਗੱਲ ਕਰਦੇ ਹੋਵੇ ਤਾਂ ਕਹਿਦੂ, ‘ਓਹ ਨੀ ਆਪਣਾ ਸਾਧ ਜੇ ਨਾਮ ਆਲ਼ਾ ਮੁੰਡਾ।’ ਇੱਕ ਦਿਨ ਮੈਨੂੰ ਕਹਿੰਦੀ, “ਵੇ ਭਾਈ ਸਬਾਮੀ, ਐਡਾ ਤੂੰ ਸੋਹਣਾ–ਸੁਨੱਖਾ, ਪੜ੍ਹਿਆ–ਲਿਖਿਆ ਤੇ ਨੌਂਅ ਰੱਖਿਐ ਕੁਪੱਤਾ ਜਾ…. ਸਬਾਮੀ…. ਨਾ ਤੇਰੇ ਘਰਦਿਆਂ ਤੋਂ ਕੋਈ ਚੱਜ ਦਾ ਨੌਂਅ ਨ੍ਹੀਂ ਜੁੜਿਆ !!” ਹਾਹਾਹਾਹਾ…. ਲਓ ਜੀ, ਮੈਂ ਪਹੁੰਚ ਗਿਆ ਹੈਪੀ ਦੀ ਮੰਮੀ ਕੋਲ਼….

ਮੈਂ : ਸਸਰੀਕਾਲ ਆਂਟੀ, ਅੱਜ ਕਿਮੇਂ ਟੈਮ ਨਾਲ਼ ਈ ਵਿਹਲੇ ਜੇ ਹੋ ਬਾਹਰ ਬੈਠੇ ਓਂ ?

ਹੈਪੀ ਦੀ ਮੰਮੀ : ਵਿਹਲੇ ਕਾਹਦੇ ਭਾਈ ਰਿਸ਼ੀ, ਤੇਰੇ ਅੰਕਲ ਨੂੰ ‘ਡੀਕੀ ਜਾਨੀ ਆਂ। ਬੋਤਲ ਲੈਣ ਗਿਆ, ਹਲੇ ਤਾਈਂ ਨ੍ਹੀਂ ਮੁੜਿਆ। 6 ਵਜੇ ਲੌਕਡਾਊਨ ਲੱਗ ਜਾਣੈ। ਜੇ ਪੁਲਸ ਆਲ਼ਿਆਂ ਦੇ ਹੱਥੇ ਚੜ੍ਹ ਗਿਆ, ਅਗਲਿਆਂ ਜਿਪਸੀ ‘ਚ ਲੱਦ ਕੇ ਲੈ ਜਾਣੈ। ਫੇਰ ਜਿਹੜੀ ਓਹਦੇ ਨਾਲ਼ ਠਾਣੇ ‘ਚ ਹੋਊ, ਮ੍ਹੀਨਾ ਉਹਦਾ ਈ ਰਕਾਟ ਵੱਜੂ ਸਾਡੇ ਘਰੇ।

ਮੈਂ : ਤੁਸੀਂ ਅੰਕਲ ਨੂੰ ਕਹਿ ਦੇਣਾ ਸੀ ਜਾਣ ਲੱਗਿਆਂ ਬਈ ਛੇਤੀ ਆ ਜਾਣ…।

ਹੈਪੀ ਦੀ ਮੰਮੀ : ਮੇਰੀ ਕੌਣ ਸੁਣਦੈ… !! ਕੌਣ ਸੁਣਦੈ ਮੇਰੀ….!! ਨਾ ਇਹਦੀ ਮਾਂ ਨੇ ਕਦੇ ਮੇਰੀ ਸੁਣੀ, ਨਾ ਇਹਦੇ ਪਿਓ ਨੇ, ਨਾ ਮੇਰੀ ਨਣਦ ਨੇ ਕੰਨੀਂ ਪਾਈ, ਨਾ ਜੇਠ–ਦਿਓਰ ਨੇ…. ਕੋਈ ਸੁਣਦੈ ਮੇਰੀ..!!

ਮੈਂ : ਤੁਸੀਂ ਅੰਕਲ ਨੂੰ ਤਾੜ ਕੇ ਕਿਹਾ ਕਰੋ ਨਾ….

ਹੈਪੀ ਦੀ ਮੰਮੀ : ਤਾੜਦੀ ਤਾਂ ਮੈਂ ਬਾਹਲ਼ਾਂ ਹੈਪੀ ਦੀ ਡੈਡੀ ਨੂੰ, ਪਰ ਸਿਧਰਾ ਬਾਹਲ਼ੈ, ਅਗਲੇ ਦਿਨ ਈ ਭੁੱਲ ਜਾਂਦੈ ਬਈ ਕੱਲ੍ਹ ਕਾਹਦੇ ਕਰਕੇ ਕਪੱਤ ਕਰਾ ਕੇ ਹਟਿਆ ਤੀ।

ਮੈਂ : ਤੁਸੀਂ ਉਨ੍ਹਾਂ ਨੂੰ ਡਰਾਓ ਬਈ ਚਾਰੇ ਪਾਸੇ ਕੋਰੋਨਾ ਫ਼ੈਲਿਆ ਪਿਐ, ਜੇ ਕਿਤੇ ਲਾਗ ਲੱਗਗੀ, ਲੈਣੇ ਦੇ ਦੇਣੇ ਪੈ ਜਾਣਗੇ।

ਹੈਪੀ ਦੀ ਮੰਮੀ : ਬਈ ਆਹ ਗੱਲ ਤੇਰੀ ਝੂਠੀ ਮੁਨੀ…. ਕੋਈ ਕਰੋਨਾ–ਕਰੂਨਾ ਨ੍ਹੀਂ ਹੈਗਾ…. ਇਹ ਤਾਂ ਊਈਂ ‘ਫਵਾਹ ਡਾਈ ਹੋਈ ਐ ਸਰਕਾਰ ਨੇ…

ਮੈਂ : ਲੈ ਸਰਕਾਰ ਨੂੰ ਕੀ ਫ਼ਾਇਦਾ ਕੋਰੋਨਾ ਦੀ ਅਫ਼ਵਾਹ ਉਡਾਉਣ ਦਾ ?

ਹੈਪੀ ਦੀ ਮੰਮੀ : ਜਦ ਮੇਰਾ ਅੱਧਾ ਸਿਰ ਦੁਖਦਾ ਹੁੰਦੈ ਭਾਮੇ ਬਿੱਗ ਬੌਸ ਏ ਚਲਦਾ ਹੋਵੇ, ਮੇਰਾ ਨ੍ਹੀਂ ਜੀਅ ਕਰਦਾ ਦੇਖਣ ਨੂੰ…. ਐਈਂ ਆਹ ਲੋਕਾਂ ਨੂੰ ਕਰੋਨਾ ਆਲ਼ੀ ਭਸੂੜੀ ਪਾ ਰੱਖੀ ਐ ਸਰਕਾਰ ਨੇ। ਮਜਾਲ ਐ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲੱਗਜੇ। ਚਾਰੇ ਪਾਸੇ ਕਰੋਨਾ–ਕਰੋਨਾ ਕਰਾਈ ਪਈ ਐ…. ਮੰਗਾਈ ਬਧਗੀ, ਰਜਗਾਰ ਖਤਮ ਹੋਗੇ ਪਰ ਮਜਾਲ ਐ, ਕੋਈ ਚੂੰਅ ਵੀ ਕਰਜੇ… ਬੱਸ ਕਰੋਨਾ ਕਰੋਨਾ… ਪਹਿਲਾਂ ਸਰਕਾਰ ਸਵਾਹ ‘ਡਾਈ ਜਾਂਦੀ ਤੀ, ਹੁਣ ਆਹ ‘ਫਵਾਹ ‘ਡਾਈ ਜਾਂਦੀ ਐ…

ਮੈਂ : ਨਹੀਂ ਆਂਟੀ, ਤੁਸੀਂ ਅਖ਼ਬਾਰਾਂ ਪੜ੍ਹੋ, ਟੈਲੀਵਿਜ਼ਨ ‘ਤੇ ਨਿਊਜ਼ ਦੇਖੋ, ਐਸ ਮਹਾਮਾਰੀ ਨੇ ਤਾਂ ਚਾਰੇ ਪਾਸੇ ਹਾਹਾਕਾਰ ਮਚਾਈ ਪਈ ਐ। ਕਿੰਨੇ ਹੀ ਲੋਕ ਰੋਜ਼ ਮਰੀ ਜਾਂਦੇ ਨੇ ਕੋਰੋਨਾ ਕਰਕੇ…

ਹੈਪੀ ਦੀ ਮੰਮੀ : ਲੈ !! ਜਿਹਦੇ ਤਾਂ ਟੈਸਟ ਰਪੋਟ ‘ਚ ਕਰੋਨਾ ਆਜੇ, ਉਹ ਤਾਂ ਕੋਈ ਮਰਿਆ ਸੁਣਿਆ ਨ੍ਹੀ…. ਅੱਛਾ ਜਿਹੜਾ ਹਸਪਤਾਲ ਜਾ ਕੇ ਮਰਜੇ, ਉਹਦੇ ਬਾਰੇ ਕਹਿ ਦਿੰਦੇ ਆ ਬਈ ਕਰੋਨਾ ਕਰਕੇ ਮਰਿਐ…. ਨਾ ਕਿਸੇ ਨੂੰ ਫੇਰ ਨੇੜੇ ਲੱਗਣ ਦੇਣ….. ਤੂੰ ਹੀ ਮੈਨੂੰ ਦੱਸ ਬਈ ਤੂੰ ਆਪ ਜਾ ਕੇ ਕਿਸੇ ਮਰੇ ਬੰਦੇ ਨੂੰ ਚੈੱਕ ਕਰਿਐ, ਬਈ ਉਹਨੂੰ ਕਰੋਨਾ ਹੈਗਾ ਵੀ ਸੀ ਕਿ ਨਹੀਂ !!

ਮੈਂ : ਨਾ ਜੀ…

ਹੈਪੀ ਦੀ ਮੰਮੀ : ਬੱਸ ਆਹੀ ਗੱਲ ਐ…. ਡਾਕਟਰ ਕਹੀ ਜਾਂਦੇ ਆ, ਲੋਕ ਮੰਨੀ ਜਾਂਦੇ ਆ।

ਮੈਂ : ਲੈ ਆਂਟੀ, ਜਦ ਪਿਛਲੇ ਸਾਲ ਕੋਰੋਨਾ ਦਾ ਰੌਲ਼ਾ ਜਾ ਪਿਐ ਉਦੋਂ ਤੁਸੀਂ ਹੀ ਸਾਰਿਆਂ ਤੋਂ ਮੂਹਰੇ ਹੋ ਹੋ ਦੱਸਦੇ ਸੀ ਬਈ ਕਰੋਨਾ ਮਹਾਮਾਰੀ ਫੈਲਗੀ, ਕਰੋਨਾ ਤੋਂ ਬਚੋ, ਘਰਾਂ ‘ਚ ਰਹੋ, ਬਾਹਰ ਨਾ ਨਿਕਲ਼ੋ, ਸਰਕਾਰ ਦੀ ਗੱਲ ਮੰਨੋ….

ਹੈਪੀ ਦੀ ਮੰਮੀ : ਮੇਰੇ ਨਾ ਜਦ ਗੈਸ ਜੀ ਬਣਨ ਲਗਜੇ, ਫੇਰ ਮੈਂ ਊਈਂ ਔਲ਼ ਬੌਲ਼ ਜਾ ਮਾਰਨ ਲੱਗ ਜਾਨੀ ਆਂ…. ਪਿਛਲੇ ਸਾਲ ਉਹ ਦਿਨਾਂ ‘ਚ ਬੱਸ ਗੈਸ ਜੀ ਓ ਖਾਸੀ ਬਣੀ ਗਈ ਮੇਰੇ…. ਤਾਂ ਕਰਕੇ…।

ਮੈਂ : ਹੁਣ ਐਸ ਸਾਲ ਠੀਕ ਐ ਗੈਸ ਆਲ਼ੀ ਪ੍ਰਾਬਲਮ ?

ਹੈਪੀ ਦੀ ਮੰਮੀ : ਆਹੋ, ਉਹ ਸਭ ਤਾਂ ਠੀਕ ਐ ਪਰ ਆਹ ਬੇੜੀ ਬਹੇ ਸਰਕਾਰ ਦੀ…. ਦੇਖ ਲੈ ਸਾਲ ਆਂਗੂੰ ਹੋ ਗਿਆ…. ਇੱਕੋ ਬਮਾਰੀ ਨੂੰ ਘੜੀਸੀ ਫਿਰਦੀ ਐ ਸਰਕਾਰ… ਇੰਨਾ ਤਾਂ ਗੰਨੇ ਆਲ਼ਾ ਗੰਨੇ ਨੂੰ ਦੂਹਰਾ, ਤੀਹਰਾ, ਚੌਹਰਾ ਕਰ ਕੇ ਗੰਨੇ ਦਾ ਜੂਸ ਨ੍ਹੀਂ ਕੱਢਦਾ, ਜਿੰਨਾ ਸਰਕਾਰ ਨੇ ਦੇਸ਼ ਦਾ ਜਲੂਸ ਕੱਢਿਆ ਪਿਐ ਆਹ ਬਮਾਰੀ ਕਰਕੇ….

ਮੈਂ : ਅਸਲ ਚ ਆਂਟੀ ਕਾਬੂ ਤਾਂ ਪਾ ਲਿਆ ਸੀ, ਆਹ ਹੁਣ ਕੋਰੋਨਾ ਦੀ ਦੂਜੀ ਲਹਿਰ ਆਈ ਐ ਤਾਂ ਕਰਕੇ…

ਹੈਪੀ ਦੀ ਮੰਮੀ : ਕੇਰਾਂ ਤਾਂ ਚਮਲੌਹਟ ਏ ਚੜ੍ਹਗੀ ਤੀ ਇਨ੍ਹਾਂ ਨੂੰ…. ਇਹ ਤਾਂ ਮਰੀਕਾ ਨੂੰ ਜਚ ਜਚ ਕੇ ਦਖਾਉਂਦੇ ਤੀ…. ਡੋ ਡੋ ਕਰਦੇ ਸੀ ਬਈ ਤੈਥੋਂ ਆਹ ਬਮਾਰੀ ਲੋਟ ਨ੍ਹੀ ਆਈ ਤੇ ਅਸੀਂ ਇਹਦਾ ਡੋਰੂ ਬਜਾਤਾ… ਹੁਣ ਇਨ੍ਹਾਂ ਦੀ ਮਾਂ ਮਰੀ ਪਈ ਐ, ਬੈਠੀ ਬੇੜੀ ਆਲ਼ਿਆਂ ਦੀ… ਮੂੰਹ ਤੋਂ ਮੱਖੀ ਨ੍ਹੀਂ ਉੱਡ ਰਹੀ ਤੇ ਗੱਲਾਂ ਬਿਸ਼ਵ ਗੁਰੂ ਆਲ਼ੀਆਂ…!!

ਮੈਂ : ਆਹੋ ਆਂਟੀ, ਅਣਗਹਿਲੀ ਵਰਤਗੇ….

ਹੈਪੀ ਦੀ ਮੰਮੀ : ਮੈਨੂੰ ਤਾਂ ਸਰਕਾਰ ਦੇ ਦਮਾਕ ਦਾ ਨ੍ਹੀਂ ਪਤਾ ਲਗਦਾ ਬੀ ਕਰੀ ਕੀ ਜਾਂਦੀ ਐ… ਲੋਕਾਂ ਨੂੰ ਕਹਿੰਦੇ ‘ਕੱਠ ਨਾ ਕਰੋ ਤੇ ਰੈਲੀਆਂ ‘ਚ ਕਹਿੰਦੇ ਕੱਚ ਨਾ ਰਹਿਜੇ ‘ਕੱਠ ਕਨੀਓਂ…. ਰਾਤ ਨੂੰ ਕਲਫੂ ਲਾ ਦਿੰਦੇ ਐ, ਜਦੋਂ ਕਿਸੇ ਨੇ ਨਿਕਲਣਾ ਨ੍ਹੀਂ ਹੁੰਦਾ, ਦਿਨੇ ਪੂਰੀ ਖੁੱਲ੍ਹੀ ਛੂਟ ਐ….. ਹੁਣ ਕਹਿੰਦੇ ਬਈ ਸ਼ਨੀਬਾਰ, ਐਂਤਵਾਰ ਦਾ ਵੀ ਕਰਤਾ ਕਲਫੂ…. ਦੱਸੋ ਬਈ ਕਰੋਨਾ ਕੋਈ ਕਲੰਡਰ ਦੇਖਕੇ ਤੁਰਿਐ ਫਿਰਦੈ…. ਕੋਈ ਪੁੱਛਣ ਆਲ਼ਾ ਹੋਬੇ ਇਨ੍ਹਾਂ ਨੂੰ ਬੀ ਜਿਹੜਾ ਢੱਠਾ ਥੋਤੋਂ ਸਿੰਗਾਂ ਤੋਂ ਫੜਕੇ ਨ੍ਹੀਂ ਲੋਟ ਆਇਆ, ਉਹਨੂੰ ਪੂੰਛੋਂ ਫੜ ਕੇ ਕਿਮੇਂ ਡੱਕਲੋਂਗੇ !! ਕ ਡੱਕ ਲੈਣਗੇ ?

ਮੈਂ : ਪਤਾ ਨਹੀਂ ਜੀ…. ਕੀ ਕਰੀ ਜਾਂਦੇ ਆ ਕੀ ਨਹੀਂ…. !!

ਹੈਪੀ ਦੀ ਮੰਮੀ : ਆਹ ਦੇਖਲਾ ਰਾਮ ਆਸਰੇ ਦਾ ਮੁੰਡਾ। ਪਿਛਲੇ ਹਪਤੇ ਵਿਆਹ ਆਲ਼ੇ ਦਿਨ ਸਵੇਰੇ ਸਾਝਰੇ 4 ਵਜੇ ਈ ਤਿਆਰ ਹੋ ਕੇ ਬਹਿ ਗਿਆ ਤੀ ਬਈ ਬੰਦੇ ਘੱਟ ਲੈ ਕੇ ਜਾਣੇ ਐ, ਕਿਤੇ ਉਹਨੂੰ ਈ ਨਾ ਛੱਡ ਜਾਣ। ਤੇ ਆਹ ਪਰਸੋਂ ਜਿਹੜਾ ਸ਼ਿੱਬੂ ਕਾ ਬੁੜਾ ਮਰਿਐ…. 90–95 ਸਾਲ ਦਾ ਤਾਂ ਹੋਊ…. ਤੈਨੂੰ ਪਤਾ ਈ ਐ ਬਈ ਉਹਨੂੰ ਕਬਜ ਦੀ ਸ਼ਕੈਤ ਤੀ… ਹਰੇਕ ਦਸ–ਪੰਦਰਾਂ ਦਿਨਾਂ ਬਾਦ ਉਹਨੂੰ ਲੈ ਕੇ ਜਾਂਦੇ ਹੁੰਦੇ ਤੀ ਅਨੀਮਾ ਲਵੌਣ ਆਸਤੇ… ਆਹ ਪਰਸੋਂ ਅਨੀਮਾ ਲਵੌਣ ਲਈ ਈ ਲੈ ਕੇ ਗਏ ਆ, ਉਦੋਂ ਈ ਪਤਾ ਲੱਗਿਆ ਜਦੋਂ ਡਾਕਟਰ ਕਹਿੰਦੇ ‘ਆਈ ਐਮ ਸੋਰੀ, ਬੁੜਾ ਥੋਡਾ ਕਰੋਨੇ ਨਾਲ਼ ਮਰ ਗਿਆ।’ ਸ਼ਿੱਬੂ ਬਚਾਰੇ ਨੇ ਹੱਥ ‘ਚ ਫੜੀ ਪੈਪ ਜੀ ਦਖਾ ਕੇ ਕਿਹਾ, ‘ਪਰ ਭਾਈਏ ਨੂੰ ਤਾਂ ਕਬਜ ਦੀ ਸ਼ਕੈਤ ਸੀ ਜੀ, ਅਸੀਂ ਤਾਂ ਅਨੀਮਾ ਲਵਾਉਣ ਲਿਆਏ ਸੀ।’ ਇਹ ਸੁਣ ਕੇ ਡਾਕਟਰ ਮੂੰਹ ‘ਤੇ ਮਾਸਕ ਜਿਹਾ ਚੜ੍ਹਾ ਕੇ ਪਤਾ ਕੀ ਕਹਿੰਦਾ !!!

ਮੈਂ : ਕੀ ਜੀ ?

ਹੈਪੀ ਦੀ ਮੰਮੀ : ਡਾਕਟਰ ਕਹਿੰਦਾ, ‘ਓ ਐਮ ਐਮ ਸੋਰੀ, ਕਬਜ ਦਾ ਪੇਸ਼ੈਂਟ ਤੀ… ਓਹ ਪਰ ਹੁਣ ਤਾਂ ਕਰੋਨੇ ਨਾਲ਼ ਮਰ ਗਿਆ। ਤੁਸੀਂ ਇਹ ਪਾਈਪ ਸਾਂਭ ਕੇ ਰੱਖਲੋ ਕਿਸੇ ਹੋਰ ਦੇ ਅਨੀਮਾ ਲਾਉਣ ਦੇ ਕੰਮ ਆਜੂ।’ ਲੈ ਦੱਸ, ਬੁੜਾ ਮਰ ਗਿਆ, ਹੁਣ ਪੈਪ ਕੀ ਉਹਨੇ ਸਿਰ ‘ਚ ਮਾਰਨੀ ਐ…।

ਮੈਂ : ਮਾੜਾ ਹੋਇਆ ਆਂਟੀ…

ਹੈਪੀ ਦੀ ਮੰਮੀ : ਲੈ ਮਾੜਾ ਕੀ, ਚੰਗਾ ਹੋਇਆ ਸਮਕਾ…. ਬੁੜਾ ਨਾਲ਼ੇ ਆਪ ਔਖਾ ਤੀ, ਨਾਲ਼ੇ ਸਾਰੇ ਟੱਬਰ ਨੂੰ ਵਾਹਣੀ ਪਾ ਰਖਦਾ ਤੀ…. ਫੀਮ ਦਾ ਵੈਲ ਤੀ ਉਹਨੂੰ… ਕਬਜ ਤਾਂ ਹੋਣੀ ਓ ਹੋਈ। ਤੁਰਨ ਫਿਰਨ ਤੋਂ ਬੀ ਜਮਾਂ ਈ ਰਹਿ ਗਿਆ ਤੀ। ਬਾਕੀ ਭਾਈ ਹੁਣ ਤਾਂ ਊਂਅ ਵੀ ਬੰਦਿਆਂ ਦਾ ਬਾਹਰ ਤੁਰਨਾ–ਫਿਰਨਾ ਔਖਾ ਹੋਇਆ ਪਿਐ…. ਪਰ ਸਾਨੂੰ ਜਨਾਨੀਆਂ ਨੂੰ ਤਾਂ ਸਰਕਾਰ ਨੇ ਮੌਜਾਂ ਲਾਤੀਆਂ…।

ਮੈਂ : ਉਹ ਕਿਵੇਂ ਜੀ ?

ਹੈਪੀ ਦੀ ਮੰਮੀ : ਲੈ ਤੈਨੂੰ ਨ੍ਹੀ ਪਤਾ…!! ਸਰਕਾਰੀ ਬੱਸਾਂ ‘ਤੇ ਜਨਾਨੀਆਂ ਦਾ ਕਰਾਇਆ ਮਾਫ ਕਰਤਾ…!

ਮੈਂ : ਆਹੋ, ਉਹ ਤਾਂ ਪਤਾ ਏ ਜੀ….. ਫੇਰ ਆਂਟੀ ਜੀ ਕਿੱਥੇ–ਕਿੱਥੇ ਜਾ ਆਏ… ?

ਹੈਪੀ ਦੀ ਮੰਮੀ : ਜਿੱਥੇ ਤੱਕ ਵੀ ਸਰਕਾਰੀ ਬੱਸ ਚਲਦੀ ਐ, ਪੰਜਾਬ ‘ਚ ਸਾਰੇ ਕਿਤੇ ਜਾ ਆਈ। ਸਵੇਰੇ ਘਰੋਂ ਰੋਟੀ ਬਣਾ ਕੇ ਪੋਣੇ ‘ਚ ਬੰਨ੍ਹ ਕੇ ਬੱਸ ‘ਚ ਬਹਿ ਜਾਨੀ ਆਂ, ਜਿੱਥੋਂ ਤੱਕ ਬੱਸ ਜਾਂਦੀ ਐ ਬਗ ਜਾਨੀ ਆਂ…. ਕਿਸੇ ਅੱਡੇ ‘ਤੇ ਬਹਿ ਕੇ ਰੋਟੀ ਖਾ ਕੇ ਸ਼ਾਮਾਂ ਤੀਕ ਘਰ ਮੁੜ ਆਉਨੀ ਆਂ…।

ਮੈਂ : ਅੱਛਾ ਜੀ ? ਕਿਮੇਂ ਕੋਈ ਕੰਮਕਾਰ ਕਰਨ ਜਾਨੇ ਓਂ ਜਾਂ….

ਹੈਪੀ ਦੀ ਮੰਮੀ : ਲੈ ਕੰਮਾਕਾਰਾਂ ਨੂੰ ਮੈਂ ਕੀ ਹੈਪੀ ਦਾ ਡੈਡੀ ਆਂ…. ਮੈਂ ਤਾਂ ਊਈਂ ਫ੍ਰੀ ਕਰਾਏ ਦਾ ਫੈਦਾ ਲਈ ਜਾਨੀ ਆਂ…. ਸਰਕਾਰ ਦਾ ਕੀ ਪਤਾ ਕਦੋਂ ਫੈਸਲਾ ਵਾਪਸ ਲੈ ਲੈ… ਲੈ ਓਹ ਆਉਂਦਾ ਹੈਪੀ ਦਾ ਡੈਡੀ…. ਤੂੰ ਐਂ ਕਰ ਭਾਈ ਸਬਾਮੀ ਤੂੰ ਚੱਲ…. ਕਿਉਂਕਿ ਹੁਣ ਮੈਂ ਕਰਨੀ ਐ ਹੈਪੀ ਦੇ ਡੈਡੀ ਦੀ ਲਾਹ–ਪਾਹ… ਤੇਰੇ ਮੂਹਰੇ ਊਈਂ ਸ਼ਰਮਿੰਦਾ ਜਾ ਹੋਈ ਜਾਊ… ਨਾਲ਼ੇ ਤੂੰ ਵੀ ਗੀਟੀਆਂ ਜੀ ਗਿਣੀ ਜਾਏਂਗਾ… ਹੈਂਅ !! ਬਾਕੀ ਭਾਈ ਮਿਲ–ਮੁਲ ਲਿਆ ਕਰ ਲੰਘਦਾ ਵੜਦਾ… ਘਰੇ ਈ ਨਾ ਬੈਠਾ ਰਿਹਾ ਕਰ ਸ਼ਿੱਬੂ ਹੁਰਾਂ ਦੇ ਬੁੜੇ ਆਂਗੂੰ…. ਮੁੜ ਕੇ ਕਿਤੇ ਸ਼ਿੱਬੂ ਤੋਂ ਉਹਦੇ ਬੁੜੇ ਆਲ਼ੀ ਪੈਪ ਜੀ ਪੁੱਛਦਾ ਫਿਰੇਂ….. ਹਾਹਾਹਾਹਾ

ਇਸ ਤੋਂ ਪਹਿਲਾਂ ਕਿ ਹੈਪੀ ਦਾ ਮੰਮੀ ਮੇਰਾ ਅਨੀਮਾ ਕਰਨ ਲਾ ਦਿੰਦੀ, ਮੈਂ ਉਸ ਤੋਂ ਪਹਿਲਾਂ ਈ ਕੰਨ ਜੇ ਵਲ੍ਹੇਟ ਕੇ ਤੁਰ ਆਇਆ। ਹੈਪੀ ਦੀ ਮੰਮੀ ਨੇ ਜੱਗ ਜਹਾਨ ਦੀਆਂ ਗੱਲਾਂ ਸੁਣਾ ਕੇ ਆਪਣਾ ਢਿੱਡ ਤਾਂ ਹੌਲ਼ਾ ਕਰ ਲਿਆ ਸੀ ਪਰ ਮੈਨੂੰ ਗੈਸ ਜੀ ਕਰਤੀ ਸੀ। ਖ਼ੈਰ ਮੈਂ ਤਾਂ ਈਨੋ ਪੀ ਕੇ ਵੀ ਲੋਟ ਹੋਜੂੰ ਪਰ ਮੈਂ ਇਹ ਸੋਚ ਰਿਹਾ ਸੀ ਕਿ ‘ਮੇਰੇ ਆਉਣ ਪਿੱਛੋਂ ਵਿਚਾਰੇ ਹੈਪੀ ਦੇ ਡੈਡੀ ਦਾ ਪਤਾ ਨਹੀਂ ਕੀ ਬਣਿਆ ਹੋਊ !!!’

ਡਾ. ਸਵਾਮੀ ਸਰਬਜੀਤ
ਪਟਿਆਲ਼ਾ
9888401328

Previous articleਮਾਣ ਕਿਸਾਨੀ ‘ਤੇ
Next articleਈ ਟੀ ਟੀ ਯੂਨੀਅਨ ਨੇ ਕੀਤੀ ਪ੍ਰਾਇਮਰੀ ਸਕੂਲ਼ਾਂ ਦੀ ਤਾਲਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ