ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਚਿੱਟਾ ਕੁੜਤਾ-ਪਜਾਮਾ ਅਤੇ ਨਹਿਰੂ ਜੈਕੇਟ ਪਹਿਨ ਮੰਚ ’ਤੇ ਆਏ 44 ਸਾਲਾ ਸੋਰੇਨ 2013 ਤੋਂ ਬਾਅਦ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਹਨ। ਇੱਥੇ ਮੋਹਰਾਬਾਦੀ ਮੈਦਾਨ ਵਿਚ ਦੁਪਹਿਰੇ ਸਵਾ ਦੋ ਵਜੇ ਸਹੁੰ ਚੁੱਕ ਸਮਾਗਮ ’ਚ ਕਾਂਗਰਸ ਦੇ ਸੂਬਾਈ ਪ੍ਰਧਾਨ ਡਾ. ਰਾਮੇਸ਼ਵਰ ਉਰਾਂਓ ਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਆਲਮਗੀਰ ਆਲਮ ਤੇ ਰਾਸ਼ਟਰੀ ਜਨਤਾ ਦਲ ਦੇ ਇਕੋ ਇਕ ਵਿਧਾਇਕ ਸਤਿਆਨੰਦ ਭੋਕਤਾ ਨੇ ਮੰਤਰੀ ਵਜੋਂ ਹਲਫ਼ ਲਿਆ। ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਗੱਠਜੋੜ ’ਚ ਸ਼ਾਮਲ ਤਿੰਨ ਦਲਾਂ ਦੇ ਨੁਮਾਇੰਦਿਆਂ ਨੇ ਹਲਫ਼ ਲਿਆ। ਮੁੱਖ ਮੰਤਰੀ ਸੋਰੇਨ ਨੇ ਅੱਜ ਸ਼ਾਮ ਹੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਕੀਤੀ। ਰਾਜਪਾਲ ਦਰੌਪਦੀ ਮੁਰਮੂ ਨੇ ਸਾਰਿਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ। ਸਮਾਰੋਹ ਵਿਚ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਤੇ ਡੀਐੱਮਕੇ ਦੇ ਐੱਮ.ਕੇ. ਸਟਾਲਿਨ ਵੀ ਹਾਜ਼ਰ ਸਨ। ਹਾਲਾਂਕਿ ਹੋਰ ਕਈ ਵੱਡੇ ਆਗੂਆਂ ਜਿਨ੍ਹਾਂ ਨੂੰ ਸੱਦਾ ਭੇਜਿਆ ਗਿਆ ਸੀ, ਨੇ ਸ਼ਿਰਕਤ ਨਹੀਂ ਕੀਤੀ। ਝਾਰਖੰਡ ਮੁਕਤੀ ਮੋਰਚਾ-ਕਾਂਗਰਸ-ਰਾਸ਼ਟਰੀ ਜਨਤਾ ਦਲ ਗੱਠਜੋੜ ਨੇ 81 ਵਿਚੋਂ 47 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਜਦਕਿ ਭਾਜਪਾ ਨੂੰ 25 ਸੀਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਰੇਨ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣ ’ਤੇ ਵਧਾਈ ਦਿੱਤੀ ਹੈ।
HOME ਹੇਮੰਤ ਸੋਰੇਨ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਬਣੇ