ਅੰਮ੍ਰਿਤਸਰ (ਸਮਾਜ ਵੀਕਲੀ) : ਉਤਰਾਖੰਡ ਸਥਿਤ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਸਮਾਪਤ ਹੋ ਗਈ। ਪਾਵਨ ਸਰੂਪ ਸੁਖ ਆਸਨ ਅਸਥਾਨ ’ਤੇ ਸੁਸ਼ੋਭਿਤ ਕਰਨ ਮਗਰੋਂ ਗੁਰਦੁਆਰੇ ਦੇ ਕਿਵਾੜ ਸ਼ੀਤਕਾਲ ਲਈ ਬੰਦ ਕਰ ਦਿੱਤੇ ਗਏ ਹਨ। ਕਰੋਨਾ ਕਾਰਨ ਇਹ ਯਾਤਰਾ ਇਸ ਸਾਲ ਸਿਰਫ 36 ਦਿਨ ਚੱਲੀ। 15 ਹਜ਼ਾਰ ਫੁਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਵੇਲੇ ਇਸ ਸਾਲ ਦੀ ਸਾਲਾਨਾ ਯਾਤਰਾ ਦੀ ਆਖਰੀ ਅਰਦਾਸ ਕੀਤੀ ਗਈ।
ਇਸ ਤੋਂ ਪਹਿਲਾਂ ਪੰਜ ਬਾਣੀਆਂ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਅੱਜ ਆਖਰੀ ਦਿਨ ਇਕ ਹਜ਼ਾਰ ਤੋਂ ਵੱਧ ਸ਼ਰਧਾਲੂੂਆਂ ਦੀ ਸ਼ਮੂਲੀਅਤ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੁਰਦੁਆਰੇ ਤੋਂ ਸੁਖ ਆਸਨ ਵਾਲੇ ਅਸਥਾਨ ’ਤੇ ਲੈ ਜਾਇਆ ਗਿਆ। ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਸਮੇਤ ਪੰਜਾਬ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਸਿਖ ਸੰਗਤ ਪੁੱਜੀ ਹੋਈ ਸੀ। ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਸਾਲਾਨਾ ਯਾਤਰਾ ਇਸ ਵਾਰ ਸਿਰਫ 36 ਦਿਨ ਚਲੀ ਹੈ।