ਹੁੱਲੜਬਾਜ਼ਾਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ

ਇਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੰਘੀ ਰਾਤ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਦਵਿੰਦਰ ਸਿੰਘ ਨੂੰ ਮਹਿੰਗਾ ਪੈ ਗਿਆ। ਹੁੱਲੜਬਾਜ਼ਾਂ ਨੇ ਉਸ ਦੀ ਕੁੱਟਮਾਰ ਕਰਕੇ ਪਾਰਕਿੰਗ ਵਿੱਚ ਖੜ੍ਹੀ ਉਸ ਦੀ ਕਾਰ ਦੀ ਭੰਨ ਤੋੜ ਕੀਤੀ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਵੀ ਮਾਰਕੀਟ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਉਹ ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਮਹਿੰਦੀ ਲਗਾਉਣ ਲਈ ਮਾਰਕੀਟ ਵਿੱਚ ਆਏ ਹੋਏ ਸਨ। ਉਨ੍ਹਾਂ ਦੇਖਿਆ ਕਿ ਕੁਝ ਨੌਜਵਾਨ ਕਈ ਕਾਰਾਂ ਵਿੱਚ ਸਵਾਰ ਹੋ ਕੇ ਹੁੱਲੜਬਾਜ਼ੀ ਕਰ ਰਹੇ ਸਨ। ਉਸ ਨੇ ਜਿਵੇਂ ਹੀ ਨੌਜਵਾਨਾਂ ਨੂੰ ਰੋਕ ਕੇ ਅਜਿਹਾ ਨਾ ਕਰਨ ਲਈ ਆਖਿਆ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਦੀ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਨੌਜਵਾਨਾਂ ਵੱਲੋਂ ਕਾਰ ਦੀ ਭੰਨਤੋੜ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਉਸ ਦੀ ਪਤਨੀ ਅਤੇ ਛੋਟਾ ਬੱਚਾ ਕਾਰ ਵਿੱਚ ਹੀ ਬੈਠੇ ਸਨ। ਇਸ ਕਾਰਨ ਬੱਚੇ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਦਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੇ ਮਾਰਕੀਟ ਵਿੱਚ ਕਾਫੀ ਸਮੇਂ ਤੱਕ ਦਹਿਸ਼ਤ ਫੈਲਾਈ ਰੱਖੀ। ਇਕੱਠੇ ਹੋਏ ਲੋਕਾਂ ਨੇ ਨੌਜਵਾਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਤਾਂ ਇੱਕ ਨੌਜਵਾਨ ਨੇ ਖ਼ੁਦ ਨੂੰ ਕਿਸੇ ਐਸਐਸਪੀ ਦਾ ਬੇਟਾ ਦੱਸਦਿਆਂ ਲੋਕਾਂ ’ਤੇ ਰੋਅਬ ਝਾੜਿਆ। ਹਿੰਮਤ ਕਰਕੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਜਦੋਂਕਿ ਬਾਕੀ ਨੌਜਵਾਨ ਫਰਾਰ ਹੋ ਗਏ। ਬਾਅਦ ਵਿੱਚ ਪੀਸੀਆਰ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਨੌਜਵਾਨ ਨੂੰ ਫੜ ਕੇ ਥਾਣੇ ਲੈ ਗਏ। ਮਟੌਰ ਥਾਣੇ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਨੌਜਵਾਨ ਦਾ ਪੁਲੀਸ ਨੇ ਡਾਕਟਰੀ ਮੁਆਇਨਾ ਕਰਵਾਇਆ ਤਾਂ ਉਸ ਦੇ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਹੋ ਗਈ। ਉਧਰ, ਥਾਣੇ ਵਿੱਚ ਪਹੁੰਚੇ ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਦਾ ਵਾਸਤਾ ਦਿੱਤਾ ਜਿਸ ਕਰਕੇ ਮਾਰਕੀਟ ਐਸੋਸੀਏਸ਼ਨ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਤਾੜਨਾ ਕੀਤੀ ਗਈ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਨਾ ਹੋਵੇ ਇਸ ਲਈ ਸਮਝੌਤਾ ਕਰ ਲਿਆ।

Previous articleਪੱਥਰਬਾਜ਼ਾਂ ਤੇ ਹਮਾਇਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ: ਜਨਰਲ ਰਾਵਤ
Next articleਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ