ਹੁਸ਼ਿਆਰਪੁਰ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ) : ਹੁਸ਼ਿਆਰਪੁਰ ਪ੍ਰਸਾਸ਼ਨ ਨੇ ਬਿਹਤਰੀਨ ਪਹਿਲ ਕਰਦਿਆਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਰੂਰਤਮੰਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਤੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਔਰਤਾਂ ਨੂੰ ਮੁਫ਼ਤ ਈ-ਰਿਕਸ਼ਾ ਪ੍ਰਦਾਨ ਕੀਤੇ। 38 ਮਹਿਲਾਵਾਂ ਨੂੰ ਲਗਭਗ 50 ਲੱਖ ਰੁਪਏ ਦੀ ਲਾਗਤ ਵਾਲੇ ਮੁਫ਼ਤ ਈ-ਰਿਕਸ਼ਾ ਸੌਂਪਦਿਆਂ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਦਿਵਆਂਗ, ਤਲਾਕਸ਼ੁਦਾ, ਵਿਧਵਾ ਅਤੇ ਹੋਰ ਜ਼ਰੂਰਤਮੰਦ ਮਹਿਲਾਵਾਂ ਨੂੰ ਈ-ਰਿਕਸ਼ਾ ਪ੍ਰਦਾਨ ਕਰਨ ਲਈ ਕੋਕਾ ਕੋਲਾ ਸੀ.ਐਸ.ਆਰ. ਫੰਡ ਤਹਿਤ ਇਹ ਬੇਹਤਰੀਨ ਪਹਿਲ ਕੀਤੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵੀ ਮੌਜੂਦ ਸਨ।
ਵਣਜ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਈ-ਰਿਕਸ਼ਾਵਾਂ ਨੂੰ ਇਕ ਐਪ ਰਾਹੀਂ ਜੋੜਿਆ ਜਾਵੇਗਾ, ਤਾਂ ਜੋ ਇਨ੍ਹਾਂ ਦੀ ਲੋਕੇਸ਼ਨ ਬਾਰੇ ਪਤਾ ਚੱਲਦਾ ਰਹੇ। ਇਸ ਦੀ ਜ਼ਿੰਮੇਵਾਰੀ ਮਹਿਲਾ ਪੁਲਿਸ ਅਧਿਕਾਰੀ ਨੂੰ ਸੌਂਪੀ ਜਾਵੇਗੀ। ਕੋਵਿਡ-19 ਦੇ ਫੈਲਾਅ ਤੋਂ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਸਮਰੱਥ ਮਹਿਲਾ, ਵਿਕਸਿਤ ਸਮਾਜ ਪ੍ਰੋਗਰਾਮ ਰਾਹੀਂ ਮਹਿਲਾਵਾਂ ਦੀ ਚੋਣ ਲਈ ਇੰਟਰਵਿਊ ਲੈ ਲਈ ਗਈ ਸੀ ਅਤੇ ਚੁਣੀਆਂ ਗਈਆਂ ਨੂੰ ਮੁਫ਼ਤ ਟਰੇਨਿੰਗ ਮੁਹੱਈਆ ਕਰਵਾਉਣ ਦੇ ਬਾਅਦ ਲਾਈਸੈਂਸ ਵੀ ਬਣਵਾਇਆ ਜਾ ਚੁੱਕਾ ਹੈ। ਈ-ਰਿਕਸ਼ਾ ਲਈ ਚਾਰਜਿੰਗ ਪੁਆਇੰਟ ਫਾਇਰ ਬ੍ਰਿਗੇਡ ਦੇ ਨਾਲ ਬਣਾਈ ਗਈ ਪਾਰਕ ਵਿੱਚ ਸਥਾਪਿਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਈ-ਰਿਕਸ਼ਾ ਲਈ ਪਾਰਕਿੰਗ ਪੁਆਇੰਟ ਜੀ.ਐਮ. ਰੋਡਵੇਜ ਦਫ਼ਤਰ ਦੇ ਬਾਹਰ ਬਣਾਇਆ ਗਿਆ ਹੈ। ਇਸ ਦੌਰਾਨ ਉਥੇ ਮੌਜੂਦ ਔਰਤਾਂ ਦੀ ਸ਼ਲਾਘਾ ਕਰਦਿਆਂ ਵਣਜ ਮੰਤਰੀ ਨੇ ਇਸ ਸ਼ਾਨਦਾਰ ਪਹਿਲ ਨੂੰ ਹੋਰ ਮਹਿਲਾਵਾਂ ਲਈ ਵੀ ਮਿਸਾਲ ਦੱਸਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਰੂਰਤਮੰਦ ਮਹਿਲਾਵਾਂ ਨੂੰ ਸੌਂਪੇ ਗਏ ਈ-ਰਿਕਸ਼ਾ ਨਾਲ ਉਨ੍ਹਾਂ ਦੇ ਹੌਂਸਲੇ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਉਤਸ਼ਾਹ ਮਿਲੇਗਾ। ਇਸ ਪ੍ਰੋਜੈਕਟ ਤਹਿਤ ਮਹਿਲਾ ਸਸ਼ਕਤੀਕਰਨ ਨੂੰ ਇਕ ਨਵੀਂ ਦਿਸ਼ਾ ਅਤੇ ਉਰਜਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਇਸ ਪੂਰੇ ਪ੍ਰੋਜੈਕਟ ਨੂੰ ਸਫਲਤਾਪੂਰਵਕ ਸੰਪਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਸ਼ਾਸਨ ਵਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕਰਨ ਦਾ ਵੀ ਵਿਸ਼ਵਾਸ ਦਿਵਾਇਆ।