ਸ਼ਹਿਰ ਦੇ ਬਾਹਰਵਾਰ ਨਗਰ ਨਿਗਮ ਦੇ ਦਫ਼ਤਰ ਕੋਲ ਵੀਰਵਾਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 10 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ ਦੋ ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਹਨ। ਹਾਦਸਾ ਸ਼ਾਮ ਕਰੀਬ ਸਵਾ 5 ਵਜੇ ਉਸ ਸਮੇਂ ਵਾਪਰਿਆ ਜਦੋਂ ਬਜਵਾੜਾ ਬਾਈਪਾਸ ਵੱਲੋਂ ਆ ਰਹੀ ਮਹਿੰਦਰਾ ਬੋਲੇਰੋ ਪਿਕਅੱਪ ਗੱਡੀ ਨਗਰ ਨਿਗਮ ਦੇ ਚੌਕ ਵਿਚ ਮੋੜ ਕੱਟਦਿਆਂ ਪਹਿਲਾਂ ਉਥੇ ਖੜ੍ਹੇ ਇਕ ਰਿਕਸ਼ਾ ’ਚ ਵੱਜੀ ਅਤੇ ਫਿਰ ਦਰੱਖਤ ਨਾਲ ਜਾ ਟਕਰਾਈ। ਕਈ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਪੁਲੀਸ ਕਰਮੀਆਂ ਦੀ ਮੱਦਦ ਨਾਲ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਚਕਨਾਚੂਰ ਹੋਈ ਗੱਡੀ ’ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਐਂਬੂਲੈਂਸਾਂ ਅਤੇ ਪ੍ਰਾਈਵੇਟ ਗੱਡੀਆਂ ’ਚ ਪਾ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਨਿਗਮ ਦਾ ਸਟਾਫ਼ ਵੀ ਬਚਾਅ ਕਾਰਜਾਂ ’ਚ ਰੁੱਝ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਹੋਣ ਵਾਲੀ ਰੈਲੀ ਕਾਰਨ ਇਲਾਕੇ ਵਿਚ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਸਨ। ਥਾਂ-ਥਾਂ ’ਤੇ ਨਾਕੇ ਲੱਗੇ ਹੋਣ ਕਾਰਨ ਜ਼ਖ਼ਮੀਆਂ ਨੂੰ ਲਿਜਾਣ ’ਚ ਵੀ ਦਿੱਕਤ ਆਈ। ਮ੍ਰਿਤਕ ਅਤੇ ਜ਼ਖ਼ਮੀ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਅਤੇ ਪੱਸੀ ਬੇਟ ਨਾਲ ਸਬੰਧਤ ਹਨ। ਹਾਦਸੇ ’ਚ ਵਾਹਨ ਦਾ ਡਰਾਈਵਰ ਜੱਸ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ। ਜ਼ਖ਼ਮੀਆਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ। ਜ਼ਖ਼ਮੀਆਂ ਵਿਚ ਕਮਲਾ ਅਤੇ ਤਿੰਨ ਲੜਕੇ ਵਿਸ਼ਾਲ, ਸੰਦੀਪ ਤੇ ਮੰਗੀ, ਭੈਣ ਪੰਮੀ, ਭਾਣਜੀ ਜੈਸ, ਭਰਜਾਈਆਂ ਕੋਮਲ ਤੇ ਰੀਨਾ, ਉਨ੍ਹਾਂ ਦੇ ਬੱਚੇ ਆਕਾਸ਼, ਅਰਸ਼ਦੀਪ ਅਤੇ ਰੁਚੀ ਅਤੇ ਰਿਸ਼ਤੇਦਾਰ ਉਂਕਾਰ ਸਿੰਘ ਅਤੇ ਗੁਰਬਖ਼ਸ਼ ਸਿੰਘ ਸ਼ਾਮਲ ਹਨ। ਕੁੱਝ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਸੀ। ਜ਼ਖ਼ਮੀਆਂ ’ਚ ਕੁਝ ਮਹੀਨਿਆਂ ਦੀ ਇਕ ਬੱਚੀ ਅਤੇ 6-7 ਸਾਲ ਦੀ ਲੜਕੀ ਵੀ ਸ਼ਾਮਲ ਹੈ ਜਿਨ੍ਹਾਂ ਦੀ ਦੇਖਭਾਲ ਹਸਪਤਾਲ ਦੇ ਸਟਾਫ਼ ਅਤੇ ਹੋਰ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਰੇਨੂ ਸੂਦ ਨੇ ਦੱਸਿਆ ਕਿ 10 ਲਾਸ਼ਾਂ ਅਤੇ 13 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ।ਹਾਦਸੇ ਦਾ ਪਤਾ ਲੱਗਣ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਮੇਅਰ ਸ਼ਿਵ ਸੂਦ, ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸਐਸਪੀ ਜੇ ਇਲਨਚੇਲੀਅਨ ਅਤੇ ਹੋਰ ਅਧਿਕਾਰੀ ਪਹੁੰਚ ਗਏ।
HOME ਹੁਸ਼ਿਆਰਪੁਰ ’ਚ ਸੜਕ ਹਾਦਸਾ, ਪਰਿਵਾਰ ਦੇ 10 ਜੀਅ ਹਲਾਕ