‘ਪਾਕਿਸਤਾਨ ਜਦੋਂ ਤਕ ਆਪਣੇ ਮੁਲਕ ’ਚੋਂ ਦਹਿਸ਼ਤਗਰਦਾਂ ਨੂੰ ਪਨਾਹ ਅਤੇ ਸਹਾਇਤਾ ਦੇਣੀ ਬੰਦ ਨਹੀਂ ਕਰੇਗਾ, ਉਦੋਂ ਤਕ ਉਸ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ।’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਵਾਰਤਾ ਹੁੰਦੀ ਵੀ ਹੈ ਤਾਂ ਉਹ ਸਿਰਫ਼ ਮਕਬੂਜ਼ਾ ਕਸ਼ਮੀਰ (ਪਾਕਿ ਦੇ ਕਬਜ਼ੇ ਹੇਠਲਾ ਕਸ਼ਮੀਰ) ਬਾਰੇ ਹੋਵੇਗੀ ਅਤੇ ਹੋਰ ਕਿਸੇ ਮੁੱਦੇ ਨੂੰ ਨਹੀਂ ਵਿਚਾਰਿਆ ਜਾਵੇਗਾ। ਹਰਿਆਣਾ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਨੂੰ ਝੰਡੀ ਦਿਖਾਉਣ ਤੋਂ ਪਹਿਲਾਂ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਨਾਲ ਪਾਕਿਸਤਾਨ ਦਾ ਹਾਜ਼ਮਾ ਖ਼ਰਾਬ ਹੋ ਗਿਆ ਹੈ। ਉਨ੍ਹਾਂ ਕਿਹਾ,‘‘ਹੁਣ ਪਾਕਿਸਤਾਨ ਸਹਾਇਤਾ ਲਈ ਵੱਖ ਵੱਖ ਮੁਲਕਾਂ ਦੇ ਕੁੰਡੇ ਖੜਕਾ ਰਿਹਾ ਹੈ। ਕੀ ਅਸੀਂ ਕੋਈ ਜੁਰਮ ਕੀਤਾ ਹੈ? ਉਹ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਝਾੜ ਮਾਰਦਿਆਂ ਭਾਰਤ ਨਾਲ ਵਾਰਤਾ ਸ਼ੁਰੂ ਕਰਨ ਲਈ ਕਿਹਾ ਹੈ।’’ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਰਾਹੀਂ ਭਾਰਤ ਨੂੰ ਕਮਜ਼ੋਰ ਅਤੇ ਅਸਥਿਰ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਲਕ (ਭਾਰਤ) ਦੇ ਟੋਟੇ ਕਰਨਾ ਚਾਹੁੰਦਾ ਸੀ ਪਰ ਪ੍ਰਧਾਨ ਮੰਤਰੀ ਨੇ ਦਰਸਾਇਆ ਕਿ ਉਨ੍ਹਾਂ ਦੀ 56 ਇੰਚ ਦੀ ਛਾਤੀ ਹੈ। ਪ੍ਰਧਾਨ ਮੰਤਰੀ ਨੇ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਬਾਲਾਕੋਟ ’ਤੇ ਹਵਾਈ ਹਮਲਾ ਕਰਕੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ।
HOME ਹੁਣ ਸਿਰਫ਼ ਮਕਬੂਜ਼ਾ ਕਸ਼ਮੀਰ ਬਾਰੇ ਹੀ ਗੱਲਬਾਤ: ਰਾਜਨਾਥ