ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਨੂੰ ਅਪਣਾਉਣ ਦੇ 70 ਵਰ੍ਹੇ ਪੂਰੇ ਹੋਣ ਮੌਕੇ ਨਾਗਰਿਕਾਂ ਨੂੰ ਆਪਣੇ ਫਰਜ਼ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਹੱਕਾਂ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਸਮਾਂ ਉਨ੍ਹਾਂ ਦੇ ਫਰਜ਼ਾਂ ਵੱਲ ਧਿਆਨ ਦੇਣ ਦਾ ਹੈ।
ਸੰਵਿਧਾਨ ਦਿਵਸ ਮੌਕੇ ਸੱਦੇ ਸਾਂਝੇ ਸਦਨ ਨੂੰ ਸੰਬੋਧਨ ਦੌਰਾਨ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸ਼ਾਸਕਾਂ ਵੱਲੋਂ ਸੰਵਿਧਾਨ ’ਤੇ ਕੀਤੇ ਹਮਲਿਆਂ ਨੂੰ ਦੇਸ਼ਵਾਸੀਆਂ ਨੇ ਪਹਿਲਾਂ ਵੀ ਨਾਕਾਮ ਕੀਤਾ ਸੀ ਤੇ ਉਹ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦਾ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਗਰਿਕਾਂ ਦੇ ਹੱਕਾਂ ਤੇ ਫਰਜ਼ਾਂ ਦੋਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇਸ਼ ਪ੍ਰਤੀ ਆਪਣੇ ਫਰਜ਼ ਪੂਰੇ ਕਰ ਸਕਦੇ ਹਾਂ।’
ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਕਿਹਾ ਕਿ ਉਹ ਫਰਜ਼ ਤੇ ਹੱਕ ਵਿਚਾਲੇ ਤਵਾਜ਼ਨ ਨੂੰ ਬਾਖੂਬੀ ਸਮਝਦੇ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੋ ਚੀਜ਼ਾਂ ਨੂੰ ਬਹਾਲ ਰੱਖਦਾ ਹੈ। ਪਹਿਲਾ ‘ਭਾਰਤੀਆਂ ਦਾ ਮਾਣ’ ਤੇ ਦੂਜਾ ‘ਭਾਰਤ ਦੀ ਏਕਤਾ’। ਉਨ੍ਹਾਂ ਕਿਹਾ, ‘ਭਾਰਤੀ ਸੰਵਿਧਾਨ ਉਹ ਪਵਿੱਤਰ ਕਿਤਾਬ ਹੈ ਜਿਸ ਸਾਡੀਆਂ ਰਵਾਇਤਾਂ ਤੇ ਵਿਸ਼ਵਾਸ ਸੰਭਲੇ ਪਏ ਹਨ ਤੇ ਇਸ ’ਚ ਨਵੀਆਂ ਚੁਣੌਤੀਆਂ ਦੇ ਹੱਲ ਵੀ ਹਨ।’ ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਸਿਰਫ਼ ਆਪਣੀਆਂ ਕਦਰਾਂ ਕੀਮਤਾਂ ਕਾਇਮ ਰੱਖੀਆਂ ਹਨ ਸਗੋਂ ਲੋਕੰਤਤਰ ਤੇ ਆਜ਼ਾਦੀ ਨੂੰ ਵੀ ਮਜ਼ਬੂਤ ਕੀਤਾ ਹੈ। ਸ੍ਰੀ ਮੋਦੀ ਨੇ 26 ਨਵੰਬਰ 2008 ਨੂੰ ਮੁੰਬਈ ’ਚ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਸੰਵਿਧਾਨ ਮੁਤਾਬਕ ਆਪਣੇ ਫਰਜ਼ ਪੂਰੇ ਕਰਕੇ ਦੇਸ਼ ਵਾਸੀਆਂ ਲਈ ਮਿਸਾਲ ਬਣਨ ਦਾ ਸੱਦਾ ਦਿੱਤਾ।
ਇਸੇ ਦੌਰਾਨ ਇਜ਼ਰਾਈਲ ਦੇ ਰਾਸ਼ਟਰਪਤੀ ਰੁਵੇਨ ਰਿਵਲਿਨ ਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ ਜਿਸ ਦਾ ਪ੍ਰਧਾਨ ਮੰਤਰੀ ਮੋਦੀ ਨੇ ਧੰਨਵਾਦ ਕੀਤਾ।
ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਸੰਵਿਧਾਨ ਦਿਵਸ ਮਨਾਇਆ ਗਿਆ ਤੇ ਵਿਧਾਨ ਸਭਾਵਾਂ ’ਚ ਵਿਸ਼ੇਸ਼ ਸੈਸ਼ਨ ਬੁਲਾਏ ਗਏ।
INDIA ਹੁਣ ਸਮਾਂ ਫਰਜ਼ਾਂ ’ਤੇ ਧਿਆਨ ਦੇਣ ਦਾ: ਮੋਦੀ