22 ਮਾਰਚ ਤੋਂ ਭਾਰਤ ਵਿੱਚ ਲੌਕਡਾੳਉਨ ਤੋਂ ਬਾਅਦ ਜਿਆਦਾਤਰ ਲੋਕ ਘਰਾਂ ਵਿੱਚ ਰਹਿ ਰਹੇ ਹਨ। ਸਾਰਾ ਸਾਰਾ ਦਿਨ ਕੰਮਾਂ ਵਿੱਚ ਵਿਅਸਤ ਰਹਿਣ ਵਾਲੇ ਅਚਾਨਕ ਘਰਾਂ ਵਿੱਚ ਬੰਦ ਹੋ ਗਏ ਹਨ। ਘਰਾਂ ਵਿੱਚ ਵਿਹਲਿਆਂ ਸਮਾਂ ਬਿਤਾਉਣਾ ਬਹੁਤ ਮੁਸ਼ਕਲ ਲਗ ਰਿਹਾ ਹੈ। ਦਸੰਬਰ ਵਿੱਚ ਚੀਨ ਵਿੱਚ ਕਰੋਨਾ ਵਾਇਰਸ ( ਕੋਵਿਡ-19) ਦੀ ਸ਼ੁਰੂਆਤ ਤੋਂ ਲੈ ਕੇ ਹਰ ਸਮੇਂ, ਹਰ ਕਿਤੇ ਇਸੇ ਵਾਇਰਸ ਦੀ ਹੀ ਚਰਚਾ ਸੁਨਣ ਨੂੰ ਮਿਲਦੀ ਹੈ।
ਅਜਿਹੇ ਵਿੱਚ ਲੋਕਾਂ ਦੇ ਦਿਲੋ-ਦਿਮਾਗ ਤੇ ਕਰੋਨਾ ਦਾ ਡਰ ਸਾਫ ਵਿਖਾਈ ਦੇ ਰਿਹਾ ਹੈ। ਲੋਕ ਤਰ੍ਹਾਂ ਤਰ੍ਹਾਂ ਦੇ ਬਚਾਅ ਅਤੇ ਇਲਾਜ ਦੇ ਨੁਕਤੇ ਲੱਭ ਅਤੇ ਵਰਤ ਰਹੇ ਹਨ। ਮੋਬਾਈਲ ਫੋਨ , ਟੀ ਵੀ ਆਦਿ ਹਰ ਥਾਂ ਕਰੋਨਾ ਬਾਰੇ ਜਾਣਕਾਰੀਆਂ ਸੁਣ-ਸੁਣਕੇ ਜਿਆਦਾਤਰ ਵਿਅਕਤੀ ਮਾਨਸਿਕ ਤਣਾਅ ਕਾਰਨ ਆਪਣੇ ਆਪ ਵਿੱਚ ਕਰੋਨਾ ਦੇ ਲੱਛਣ ਮਹਿਸੂਸ ਕਰਨ ਲੱਗ ਰਹੇ ਹਨ ਜਿਸ ਨਾਲ ਜਿਆਦਾਤਰ ਲੋਕ ਖੰਘ, ਜੁਕਾਮ, ਗਲਾ ਖਰਾਬ ਹੋਣ ਦੀ ਸਿਕਾਇਤ ਕਰ ਰਹੇ ਹਨ। ਅਜਿਹੇ ਮਾਨਸਿਕ ਤਣਾਅ ਦੇ ਕਾਰਨ ਲੋਕ ਸਚਮੁੱਚ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਆਪਣੇ ਆਪ ਨੂੰ ਕਿਸੇ ਨਾ ਕਿਸੇ ਘਰੇਲੂ ਕੰਮ ਵਿੱਚ ਵਿਅਸਤ ਰੱਖਣਾ ਚਾਹੀਦਾ ਹੈ। ਇਸ ਦੌਰਾਨ ਘਰਾਂ ਦੇ ਕੰਮ, ਸਾਫ-ਸਫਾਈ, ਗਮਲਿਆਂ ਦੀ ਦੇਖਭਾਲ ਅਤੇ ਹੋਰ ਬਹੁਤ ਸਾਰੇ ਸ਼ੌਕੀਆ ਕੰਮ ਕੀਤੇ ਜਾ ਸਕਦੇ ਹਨ। ਬੱਚਿਆਂ ਨੂੰ ਕੁਝ ਸਿਖਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ, ਅਖਬਾਰਾਂ ਆਦਿ ‘ਤੇ ਕਰੋਨਾ ਬਾਰੇ ਖਬਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸੀਂ ਪਹਿਲਾਂ ਅਕਸਰ ਸਿਕਾਇਤ ਕਰਦੇ ਸੀ ਕਿ ਕੰਮ ਦੇ ਬੋਝ ਕਾਰਨ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਮਾਂ ਨਹੀਂ ਦੇ ਸਕਦੇ ਸੀ। ਹੁਣ ਸਾਨੂੰ ਉਨ੍ਹਾਂ ਨੂੰ ਖੁੱਲ੍ਹਾ ਸਮਾਂ ਦੇਣਾ ਚਾਹੀਦਾ ਹੈ ਅਤੇ ਘਰ ਰਹਿ ਕੇ ਕਰੋਨਾ ਦੀ ਮਹਾਂਮਾਰੀ ਨੂੰ ਰੋਕਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ) ਸੰਪਰਕ:+91 98768 88177