ਹਿੱਤ ਨੇ ਦਰਬਾਰ ਸਾਹਿਬ ਵਿਖੇ ਸ਼ੁਰੂ ਕੀਤੀ ਧਾਰਮਿਕ ਸੇਵਾ

ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖਾਹ ਤਹਿਤ ਸੇਵਾ ਆਰੰਭ ਕਰ ਦਿੱਤੀ ਹੈ। ਉਨ੍ਹਾਂ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕੀਤੇ, ਸੰਗਤ ਦੇ ਜੋੜੇ ਝਾੜੇ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸ੍ਰੀ ਹਿੱਤ ਨੂੰ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਤੋਂ ਤਨਖਾਹ ਲਾਈ ਗਈ ਸੀ, ਜਿਸ ਤਹਿਤ ਉਨ੍ਹਾਂ ਨੂੰ ਸੱਤ ਦਿਨ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਪੰਜ ਦਿਨ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਵਿਖੇ ਰੋਜ਼ਾਨਾ ਇੱਕ-ਇੱਕ ਘੰਟਾ ਸੰਗਤ ਦੇ ਜੋੜੇ, ਬਰਤਨ ਸਾਫ ਕਰਨ ਅਤੇ ਗੁਰਬਾਣੀ ਦਾ ਕੀਰਤਨ ਸੁਣਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਸਵੇਰੇ ਪ੍ਰਕਾਸ਼ ਵੇਲੇ ਹਾਜ਼ਰ ਹੋ ਕੇ ਪਹਿਲਾ ਹੁਕਮਨਾਮਾ ਸੁਣਨ ਲਈ ਹਦਾਇਤ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਵਿਚ ਇਕ ਗੁਰਦੁਆਰੇ ਦੀ ਇਮਾਰਤ ਦੇ ਨੀਂਹ ਪੱਥਰ ਰੱਖਣ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਸਿੱਖ ਅਰਦਾਸ ਦੇ ਵਾਕ ਉਸ ਲਈ ਵਰਤੇ ਸਨ। ਇਹ ਸੇਵਾ ਲਾਏ ਜਾਣ ਮਗਰੋਂ ਅੱਜ ਸ੍ਰੀ ਹਿੱਤ ਨੇ ਇਹ ਸੇਵਾ ਅਰੰਭ ਕਰਦਿਆਂ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ ਅਤੇ ਜੋ ਵੀ ਸੇਵਾ ਉਨ੍ਹਾਂ ਨੂੰ ਲਾਈ ਗਈ ਹੈ, ਉਹ ਸਿਰ ਮੱਥੇ ਪ੍ਰਵਾਨ ਕਰਦਿਆਂ ਇਸ ਨੂੰ ਪੂਰਾ ਕਰਨਗੇ। ਉਨ੍ਹਾਂ ਆਖਿਆ ਕਿ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਪੂਰੀ ਕਰਨ ਮਗਰੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੱਤ ਦਿਨ ਦੀ ਸੇਵਾ ਆਰੰਭ ਕਰਨਗੇ।

Previous articleਪੁਲੀਸ ਦੇ ਠੰਢੇ ਰਵੱਈਏ ਤੋਂ ਗਰਾਮ ਸੇਵਕ ਗਰਮ
Next articleਰਾਹੁਲ ਗਰੀਬੀ ਹਟਾਓ ਯੋਜਨਾ ਪਹਿਲਾਂ ਕਾਂਗਰਸੀ ਰਾਜਾਂ ’ਚ ਲਾਗੂ ਕਰਵਾਉਣ: ਮਾਇਆਵਤੀ