ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਅਵਤਾਰ ਸਿੰਘ ਹਿੱਤ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੀਤ ਸਿੰਘ ਅਤੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਨੂੰ ਚੁਣਿਆ ਗਿਆ। ਰਾਤ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਚਰਚਾ ’ਚ ਸੀ ਪਰ ਸਵੇਰੇ ਸ੍ਰੀ ਹਿੱਤ ਦੇ ਨਾਂ ਦਾ ਐਲਾਨ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਵੱਲੋਂ ਅਰਦਾਸ ਕਰਨ ਮਗਰੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ। ਪਿਛਲੇ ਹਾਊਸ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸੀਨੀਅਰ ਮੀਤ ਪ੍ਰਧਾਨ ਸ਼ੈਲੇਂਦਰ ਸਿੰਘ ਦੇ ਨਾ ਪੁੱਜਣ ਕਰਕੇ ਚੋਣ ਦੀ ਕਾਰਵਾਈ ਪਿਛਲੀ ਕਮੇਟੀ ਦੀ ਜੂਨੀਅਰ ਮੀਤ ਪ੍ਰਧਾਨ ਕੰਵਲਜੀਤ ਕੌਰ ਨੇ ਚਲਾਈ। ਡਾ. ਗੁਰਮੀਤ ਸਿੰਘ ਨੂੰ 8 ਵੋਟਾਂ ਮਿਲੀਆਂ ਜਦੋਂ ਕਿ ਵਿਰੋਧੀ ਉਮੀਦਵਾਰ ਨੂੰ 6 ਵੋਟਾਂ ਮਿਲੀਆਂ। ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਇੰਦਰਜੀਤ ਸਿੰਘ (ਦੱਖਣੀ ਬਿਹਾਰ) ਆਮ ਸਹਿਮਤੀ ਨਾਲ ਚੁਣੇ ਗਏ। ਜਨਰਲ ਸਕੱਤਰ ਲਈ ਮਹਿੰਦਰਪਾਲ ਸਿੰਘ (ਜ਼ਿਲ੍ਹਾ ਜੱਜ ਵੱਲੋਂ ਮਨੋਨੀਤ) ਨੂੰ 10 ਵੋਟਾਂ ਮਿਲੀਆਂ ਤੇ ਵਿਰੋਧੀ ਉਮੀਦਵਾਰ ਨੂੰ 4 ਵੋਟਾਂ ਮਿਲੀਆਂ। ਸਹਿਮਤੀ ਨਾਲ ਮਹਿੰਦਰ ਸਿੰਘ ਛਾਬੜਾ ਨੂੰ ਸਕੱਤਰ ਬਣਾਇਆ ਗਿਆ। ਕਮੇਟੀ ਦੇ ਕੁੱਲ 15 ਮੈਂਬਰ ਹੁੰਦੇ ਹਨ ਪਰ ਸਨਤਾਮੀ ਸਿੱਖਾਂ ਦੇ ਇੱਕ ਮੈਂਬਰ ਦੇ ਅਧਿਕਾਰ ਅਦਾਲਤੀ ਝਮੇਲੇ ਕਾਰਨ ਅਟਕੇ ਪਏ ਹੋਣ ਕਰਕੇ 14 ਮੈਂਬਰਾਂ ਨੇ ਹੀ ਪ੍ਰਕਿਰਿਆ ਵਿੱਚ ਹਿੱਸਾ ਲਿਆ। ਵਿਰੋਧੀ ਧੜੇ ਵਿੱਚ ਰਾਜਾ ਸਿੰਘ (ਹਲਕਾ-1), ਹਰਬੰਸ ਸਿੰਘ (ਹਲਕਾ 2), ਉੱਤਰੀ ਬਿਹਾਰ ਤੋਂ ਲਖਵਿੰਦਰ ਸਿੰਘ, ਤਰਲੋਚਨ ਸਿੰਘ ਤੇ ਕੋਲਕਾਤਾ ਤੋਂ ਕਮਿਕਰ ਸਿੰਘ ਤੇ ਜ਼ਿਲ੍ਹਾ ਜੱਜ ਵੱਲੋਂ ਮਨੋਨੀਤ ਜਗਜੀਤ ਸਿੰਘ ਸ਼ਾਮਲ ਹਨ। ਪ੍ਰਧਾਨਗੀ ਸਾਂਭਣ ਮਗਰੋਂ ਸ੍ਰੀ ਹਿੱਤ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਜਿਵੇਂ ਧੂਮ-ਧਾਮ ਨਾਲ ਮਨਾਇਆ ਗਿਆ ਉਵੇਂ ਹੀ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਵੀ ਪਟਨਾ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸ੍ਰੀ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਟਨਾ-ਅੰਮ੍ਰਿਤਸਰ ਦਰਮਿਆਨ ਸਿੱਧੀ ਹਵਾਈ ਸੇਵਾ, ਅਕਾਲ ਤਖ਼ਤ ਸੁਪਰਫਾਸਟ ਨੂੰ ਰੋਜ਼ਾਨਾ ਚਲਾਉਣ, ਪਟਨਾ ਸਾਹਿਬ-ਅੰਮ੍ਰਿਤਸਰ ਤੇ ਸ੍ਰੀ ਹਜ਼ੂਰ ਸਾਹਿਬ ਲਈ ਰੇਲਾ ਸੇਵਾ ਸ਼ੁਰੂ ਕਰਨ, ਗੁਰਮੁਖੀ ਸਮੇਤ ਹੋਰ ਰੇਲ ਗੱਡੀਆਂ ਦਾ ਪਟਨਾ ਸਾਹਿਬ ਵਿਖੇ ਠਹਿਰਾਅ ਕਰਵਾਉਣ ਦੀ ਪਹਿਲ ਕੀਤੀ ਜਾਵੇਗੀ। ਦੋਵੇਂ ਆਗੂਆਂ ਨੇ ਕਿਹਾ ਕਿ ਉਹ ਸਾਰਿਆਂ ਨਾਲ ਮਿਲ ਕੇ ਕੰਮ ਕਰਨਗੇ। ਜਥੇਦਾਰ ਇਕਬਾਲ ਸਿੰਘ ਵੱਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪਾ ਭੇਟ ਕੀਤਾ ਗਿਆ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ, ਮਨਜਿੰਦਰ ਸਿੰਘ ਸਿਰਸਾ, ਕੁਲਮੋਹਨ ਸਿੰਘ, ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਹੋਰ ਆਗੂ ਹਾਜ਼ਰ ਸਨ।