ਹਿੱਤਾਂ ਦਾ ਟਕਰਾਅ; ਕਪਿਲ ਦੇਵ ਖ਼ਿਲਾਫ਼ ਸ਼ਿਕਾਇਤ ਨਿਰਆਧਾਰ ਕਰਾਰ

ਬੀਸੀਸੀਆਈ ਨੈਤਿਕ ਅਧਿਕਾਰੀ ਡੀਕੇ ਜੈਨ ਨੇ ਅੱਜ ਪੁਸ਼ਟੀ ਕੀਤੀ ਕਿ ਕਪਿਲ ਦੇਵ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ‘ਨਿਰਅਧਾਰ’ ਹੈ ਕਿਉਂਕਿ ਸਾਬਕਾ ਭਾਰਤੀ ਕਪਤਾਨ ਆਪਣੀਆਂ ਕਈ ਭੂਮਿਕਾਵਾਂ ਦੇ ਅਹੁਦੇ ਤੋਂ ਹਟ ਗਿਆ ਹੈ। ਬੀਸੀਸੀਆਈ ਨਾਲ ਜੈਨ ਦਾ ਇੱਕ ਸਾਲ ਦਾ ਸਮਝੌਤਾ ਇੱਕ ਮਹੀਨੇ ਵਿੱਚ ਖ਼ਤਮ ਹੋ ਜਾਵੇਗਾ। ਉਸ ਨੇ ਸ਼ਾਂਤਾ ਰੰਗਾਸਵਾਮੀ ਅਤੇ ਆਂਸ਼ੂਮਨ ਗਾਇਕਵਾੜ ਖ਼ਿਲਾਫ਼ ਦਸੰਬਰ ਵਿੱਚ ਆਈਆਂ ਸ਼ਿਕਾਇਤਾਂ ਨੂੰ ਵੀ ਗ਼ੈਰ-ਪ੍ਰਸੰਗਿਕ ਦੱਸਿਆ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੈਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕਪਿਲ ਖ਼ਿਲਾਫ਼ ਸ਼ਿਕਾਇਤ ਦਾ ਕੋਈ ਆਧਾਰ ਨਹੀਂ।’’ ਇਹ ਤਿੰਨੋਂ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਹਿੱਸਾ ਸਨ, ਪਰ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਤਾਉਮਰ ਮੈਂਬਰ ਸੰਜੀਵ ਗੁਪਤਾ ਵੱਲੋਂ ਲਾਏ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਮਗਰੋਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਬੀਸੀਸੀਆਈ ਨੇ ਹੁਣ ਨਵੀਂ ਸੀਏਸੀ ਕਮੇਟੀ ਬਣਾਈ ਹੈ।
ਜੈਨ ਨੇ ਰੰਗਾਸਵਾਮੀ, ਗਾਇਕਵਾੜ ਅਤੇ ਕਪਿਲ ਨੂੰ ਮੁੰਬਈ ਵਿੱਚ 27 ਅਤੇ 28 ਦਸੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਸੀ, ਪਰ ਵਿਸ਼ਵ ਕੱਪ ਜੇਤੂ ਕਪਤਾਨ ਨਿੱਜੀ ਕਾਰਨਾਂ ਕਰਕੇ ਇਸ ਵਿੱਚ ਨਹੀਂ ਜਾ ਸਕਿਆ ਸੀ। ਬੀਸੀਸੀਆਈ ਸੰਵਿਧਾਨ ਅਨੁਸਾਰ ਕੋਈ ਵੀ ਵਿਅਕਤੀ ਇੱਕ ਸਮੇਂ ਇੱਕ ਤੋਂ ਵੱਧ ਅਹੁਦਿਆਂ ’ਤੇ ਨਹੀਂ ਰਹਿ ਸਕਦਾ।

Previous articleਆਸਟਰੇਲੀਆ ’ਚ ਦਿਨ-ਰਾਤ ਦਾ ਟੈਸਟ ਮੈਚ ਖੇਡੇਗਾ ਭਾਰਤ
Next articleਅਭਿਆਸ ਮੈਚ: ਅਗਰਵਾਲ ਅਤੇ ਪੰਤ ਲੈਅ ਵਿੱਚ ਆਏ