* ਹਿੰਸਕ ਭੀੜ ਨੇ ਦੋ ਰੇਲਵੇ ਸਟੇਸ਼ਨਾਂ ਨੂੰ ਅੱਗ ਲਾਈ; ਮੁੱਖ ਮੰਤਰੀ ਸੋਨੋਵਾਲ ਦੀ ਰਿਹਾਇਸ਼ ’ਤੇ ਕੀਤਾ ਪਥਰਾਅ
* ਅਸਾਮ ਦੇ 10 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਿਆਂ ਅਤੇ ਹਿੰਸਕ ਘਟਨਾਵਾਂ ਮਗਰੋਂ ਬੁੱਧਵਾਰ ਸ਼ਾਮ ਨੂੰ ਅਸਾਮ ਦੇ ਗੁਹਾਟੀ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਉਧਰ ਤਣਾਅ ਨੂੰ ਦੇਖਦਿਆਂ ਤ੍ਰਿਪੁਰਾ ’ਚ ਫ਼ੌਜ ਸੱਦ ਲਈ ਗਈ ਹੈ ਜਦਕਿ ਅਸਾਮ ਦੇ ਬੌਂਗਾਈਗਾਉਂ ਅਤੇ ਡਿਬਰੂਗੜ੍ਹ ’ਚ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਅਸਾਮ ਦੇ 10 ਜ਼ਿਲ੍ਹਿਆਂ ’ਚ ਬੁੱਧਵਾਰ ਰਾਤ 7 ਵਜੇ ਤੋਂ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੀ ‘ਦੁਰਵਰਤੋਂ’ ਨੂੰ ਰੋਕਿਆ ਜਾ ਸਕੇ। ਪੂਰੇ ਤ੍ਰਿਪੁਰਾ ’ਚ ਇੰਟਰਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ 2 ਵਜੇ ਤੋਂ ਹੀ 48 ਘੰਟਿਆਂ ਲਈ ਮੁਅੱਤਲ ਕੀਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਹਿੰਸਾ ’ਤੇ ਉਤਾਰੂ ਹਜੂਮ ਨੇ ਚਬੂਆ ਤੇ ਪਾਣੀਟੋਲਾ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ, ਉਧਰ ਡਿਬਰੂਗੜ੍ਹ ਵਿੱਚ ਮੁੱਖ ਮੰਤਰੀ ਸੋਨੋਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਥਰਾਅ ਵੀ ਕੀਤਾ ਗਿਆ। ਅਸਾਮ ’ਚ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਆ ਕੇ ਪੁਲੀਸ ਨਾਲ ਭਿੜ ਗਏ। ਅਸਾਮ ਦੇ ਪੁਲੀਸ ਮੁਖੀ ਭਾਸਕਰ ਜਯੋਤੀ ਮਹੰਤਾ ਨੇ ਪਹਿਲਾਂ ਕਿਹਾ ਸੀ ਕਿ ਕਰਫਿਊ ਬੁੱਧਵਾਰ ਸਵਾ 6 ਵਜੇ ਤੋਂ ਵੀਰਵਾਰ ਸਵੇਰੇ 7 ਵਜੇ ਤੱਕ ਲਗਾਇਆ ਗਿਆ ਹੈ ਪਰ ਬਾਅਦ ’ਚ ਉਨ੍ਹਾਂ ਦੱਸਿਆ ਕਿ ਕਰਫਿਊ ਅਣਮਿੱਥੇ ਸਮੇਂ ਲਈ ਲਾਗੂ ਕੀਤਾ ਗਿਆ ਹੈ। ਉਂਜ ਪ੍ਰਦਰਸ਼ਨਕਾਰੀ ਕਰਫਿਊ ਦੀ ਉਲੰਘਣਾ ਕਰਕੇ ਅਜੇ ਵੀ ਗੁਹਾਟੀ ਦੀਆਂ ਲਿੰਕ ਸੜਕਾਂ ’ਤੇ ਜਮ੍ਹਾਂ ਸਨ। ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ, ਜਿਨ੍ਹਾਂ ਪੁਲੀਸ ’ਤੇ ਮੋੜਵਾਂ ਹਮਲਾ ਕਰ ਦਿੱਤਾ। ਰਾਜਧਾਨੀ ਦੀਸਪੁਰ ’ਚ ਜਦੋਂ ਭੀੜ ਡਟੀ ਰਹੀ ਤਾਂ ਪੁਲੀਸ ਨੇ ਉਨ੍ਹਾਂ ਉਪਰ ਗੋਲੀਆਂ ਵੀ ਚਲਾਈਆਂ। ਕੁਝ ਵਿਦਿਆਰਥੀ ਆਗੂਆਂ ਨੇ ਦਾਅਵਾ ਕੀਤਾ ਕਿ ਸਕੱਤਰੇਤ ਮੂਹਰੇ ਪੁਲੀਸ ਕਾਰਵਾਈ ’ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਅਣਅਧਿਕਾਰਤ ਰਿਪੋਰਟਾਂ ਮੁਤਾਬਕ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗੁਹਾਟੀ, ਡਿਬਰੂਗੜ੍ਹ ਅਤੇ ਜੋਰਹਾਟ ’ਚ ਹਿਰਾਸਤ ’ਚ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨੀ ਹਮਰੁਤਬਾ ਸ਼ਿੰਜ਼ੋ ਐਬੇ ਦੀ ਐਤਵਾਰ ਨੂੰ ਹੋਣ ਵਾਲੀ ਮੁਲਾਕਾਤ ਲਈ ਬਣਾਈ ਸਟੇਜ ਨੂੰ ਵੀ ਨੁਕਸਾਨ ਪਹੁੰਚਾਇਆ।