ਨਾਗਰਿਕਤਾ ਕਾਨੂੰਨ ਖ਼ਿਲਾਫ਼ ਦੇਸ਼ ਭਰ ’ਚ ਰੋਹ
ਮੰਗਲੁਰੂ ਤੇ ਲਖਨਊ ਵਿੱਚ ਪੁਲੀਸ ਫਾਇਰਿੰਗ ਨਾਲ ਤਿੰਨ ਹਲਾਕ
ਮਨਾਹੀ ਦੇ ਹੁਕਮਾਂ ਦੇ ਬਾਵਜੂਦ ਅੱਜ ਦੇਸ਼ ਭਰ ਵਿੱਚ ਨਾਗਰਕਿਤਾ ਸੋਧ ਐਕਟ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਦੌਰਾਨ ਮੰਗਲੁਰੂ ਵਿੱਚ ਪੁਲੀਸ ਵਲੋਂ ਕੀਤੀ ਫਾਇਰਿੰਗ ਵਿੱਚ ਦੋ ਮੌਤਾਂ ਹੋ ਗਈਆਂ ਜਦਕਿ ਲਖਨਊ ਵਿਚ ਹਿੰਸਕ ਝੜਪਾਂ ਦੌਰਾਨ ਚੱਲੀ ਗੋਲੀ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪ੍ਰਦਰਸ਼ਨਾਂ ਦੌਰਾਨ ਹਿੰਸਾ ਵਿੱਚ ਲਖਨਊ ਵਿੱਚ 16 ਅਤੇ ਸੰਭਲ ਵਿੱਚ ਦੋ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੈਂਕੜੇ ਵਿਦਿਆਰਥੀਆਂ, ਸਮਾਜਿਕ ਕਾਰਕੁਨਾਂ ਅਤੇ ਆਮ ਲੋਕਾਂ ਵਲੋਂ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਦੌਰਾਨ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਹੋਈ ਅਤੇ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਵਿਰੋਧੀ ਧਿਰਾਂ ਦੇ ਨੇਤਾਵਾਂ ਡੀ. ਰਾਜਾ, ਸੀਤਾਰਾਮ ਯੇਚੁਰੀ, ਨੀਲੋਤਪਲ ਬਾਸੂ, ਬਰਿੰਦਾ ਕਰਾਤ, ਅਜੇ ਮਾਕਨ, ਸੰਦੀਪ ਦੀਕਸ਼ਿਤ ਸਣੇ ਕਾਰਕੁਨ ਯੋਗੇਂਦਰ ਯਾਦਵ, ਧਰਮਵੀਰ ਗਾਂਧੀ, ਉਮਰ ਖਾਲਿਦ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਲੱਗੇ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ’ਤੇ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਇਨ੍ਹਾਂ ਨੇਤਾਵਾਂ ਨੂੰ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਲਿਜਾ ਕੇ ਛੱਡ ਦਿੱਤਾ ਗਿਆ। ਮੰਗਲੁਰੂ ਵਿੱਚ ਪੁਲੀਸ ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਮੰਗਲੁਰੂ ਉੱਤਰੀ ਪੁਲੀਸ ਸਟੇਸ਼ਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ’ਤੇ ਹਮਲਾ ਕੀਤਾ, ਜਿਸ ਕਾਰਨ ਭੀੜ ਖਿੰਡਾਉਣ ਲਈ ਪੁਲੀਸ ਬਲ ਦੀ ਵਰਤੋਂ ਕਰਨੀ ਪਈ।
ਪੁਲੀਸ ਵਲੋਂ ਕੀਤੀ ਫਾਇਰਿੰਗ ਕਾਰਨ ਦੋ ਵਿਅਕਤੀਆਂ ਦੇ ਗੋਲੀ ਲੱਗੀ, ਜਿਨ੍ਹਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਾਲੀਲ ਕੁਦਰੋਲੀ (49) ਅਤੇ ਨੌਸ਼ੀਨ (23) ਵਜੋਂ ਹੋਈ ਹੈ। ਇਸੇ ਦੌਰਾਨ ਮੰਗਲੁਰੂ ’ਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਲਖਨਊ ਵਿੱਚ ਪ੍ਰਦਰਸ਼ਨਕਾਰੀਆਂ ਵਲੋਂ ਕੀਤੀ ਗਈ ਪੱਥਰਬਾਜ਼ੀ ਤੇ ਵਾਹਨਾਂ ਨੂੰ ਅੱਗ ਲਾਏ ਜਾਣ ਕਾਰਨ ਹਿੰਸਕ ਝੜਪਾਂ ਦੌਰਾਨ ਪੁਲੀਸ ਦੀ ਗੋਲੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਲਖਨਊ ਦੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਟਰੌਮਾ ਸੈਂਟਰ ਦੇ ਇੰਚਾਰਜ ਨੇ ਦੱਸਿਆ ਕਿ ਮੁਹੰਮਦ ਵਕੀਲ (25) ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਇਸ ਤੋਂ ਇਲਾਵਾ ਦੋ ਹੋਰ ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਇੱਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਥਾਂ-ਥਾਂ ਬੈਰੀਕੇਡ ਲਾਏ ਗਏ ਅਤੇ ਕੌਮੀ ਰਾਜਧਾਨੀ ਦਿੱਲੀ ਸਣੇ ਕਈ ਖੇਤਰਾਂ ਵਿੱਚ ਮੋਬਾਈਲ ਸੇਵਾਵਾਂ ਠੱਪ ਕੀਤੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪ੍ਰਦਰਸ਼ਨਾਕਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਪੱਥਰਬਾਜ਼ੀ ਕੀਤੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਵਿਰੋਧੀ ਧਿਰਾਂ ਨੇ ਵੀ ਲੋਕਾਂ ਦਾ ਸਾਥ ਦਿੰਦਿਆਂ ਨਵੇਂ ਕਾਨੂੰਨ ਦੇ ਮਾਮਲੇ ਵਿੱਚ ਮੋਦੀ ਸਰਕਾਰ ’ਤੇ ਹਮਲੇ ਕਰਦਿਆਂ ਕਿਹਾ ਕਿ ਇਹ ਕਾਨੂੰਨ ‘ਭਾਰਤ ਦੀ ਸੋਚ’ ਵਿਰੋਧੀ ਹੈ। ਜ਼ਿਆਦਾਤਰ ਥਾਵਾਂ ’ਤੇ ਰੋਸ ਪ੍ਰਦਰਸ਼ਨ ਸ਼ਾਂਤਮਈ ਰਹੇ ਅਤੇ ਪ੍ਰਦਰਸ਼ਨਕਾਰੀਆਂ ਨੇ ਨਵੇਂ ਕਾਨੂੰਨ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਪੁਲੀਸ ਕਾਰਵਾਈ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਅਤੇ ਤਖ਼ਤੀਆਂ ਚੁੱਕ ਕੇ ਰੋਸ ਮਾਰਚ ਕੀਤੇ। ਨਵੀਂ ਦਿੱਲੀ ਵਿੱਚ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਗਾਂਧੀਵਾਦ ਦਾ ਸਹਾਰਾ ਲਿਆ ਅਤੇ ਸੁਰੱਖਿਆ ਕਰਮੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਕਿਹਾ ਕਿ ਪੁਲੀਸ ਜਿੰਨਾ ਮਰਜ਼ੀ ਲਾਠੀਚਾਰਜ ਕਰ ਲਵੇ ਪਰ ਉਨ੍ਹਾਂ ਦਾ ਸੰਦੇਸ਼ ‘ਨਫ਼ਰਤ ਦੇ ਬਦਲੇ ਪਿਆਰ’ ਹੈ। ਗੁਆਂਢੀ ਰਾਜ ਉਤਰ ਪ੍ਰਦੇਸ਼ ਵਿੱਚ ਹਿੰਸਕ ਝੜਪਾਂ ਹੋਈਆਂ ਅਤੇ ਘੱਟੋ-ਘੱਟ ਇੱਕ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜਨਤਕ ਪ੍ਰਾਪਰਟੀ ਦੀ ਤੋੜ-ਭੰਨ ਕਰਨ ਵਾਲਿਆਂ ਦੀ ਵੀਡੀਓ ਅਤੇ ਸੀਸੀਟੀਵੀ ਫੁਟੇਜ ਰਾਹੀਂ ਸ਼ਨਾਖਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਤੋਂ ਬਦਲਾ ਲਵਾਂਗੇ।’’ ਬਿਹਾਰ ਵਿੱਚ ਵੀ ਅਗਜ਼ਨੀ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ। ਕਈ ਸੂਬਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਅਤੇ ਆਸਪਾਸ ਲਾਏ ਬੈਰੀਕੇਡਾਂ, ਕਈ ਸਟੇਸ਼ਨਾਂ ’ਤੇ ਦਿੱਲੀ ਮੈਟਰੋ ਦੇ ਗੇਟ ਬੰਦ ਕਰਨ ਅਤੇ ਮੋਬਾਈਲ ਦੀਆਂ ਵੁਆਇਸ, ਮੈਸੇਜਿੰਗ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਕਾਰਨ ਦਿੱਲੀ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ।
ਨਵੀਂ ਦਿੱਲੀ ਵਿੱਚ ਮਨਾਹੀ ਦੇ ਹੁਕਮ ਹੋਣ ਕਰਕੇ ਦਿੱਲੀ ਪੁਲੀਸ ਨੇ ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਲਾਲ ਕਿਲ੍ਹੇ ਪਹੁੰਚ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਆਸਪਾਸ ਬੈਰੀਕੇਡ ਲਗਾ ਦਿੱਤੇ। ਲਾਲ ਕਿਲ੍ਹੇ ਤੋਂ ਪਿੱਛੇ ਹਟਾਏ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਸੁਨਹਿਰੀ ਮਸਜਿਦ ਕੋਲ ਇਕੱਠੇ ਹੋ ਗਏ। ਲਾਲ ਕਿਲ੍ਹੇ ਦੇ ਆਸਪਾਸ ਵੱਡੀ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਬੱਸਾਂ ਵਿੱਚ ਬੰਦ ਕਰ ਦਿੱਤਾ। ਕਰਨਾਟਕ ਦੇ ਵੱਖ ਵੱਖ ਸ਼ਹਿਰਾਂ ਬੰਗਲੁਰੂ, ਹੁਬਲੀ, ਮੈਸੂਰ, ਕਾਲਾਬੁਰਾਗੀ, ਹਾਸਨ ਤੇ ਬਾਲਰੀ ਵਿੱਚ ਰੋਸ ਮੁਜ਼ਾਹਰੇ ਹੋਏ, ਜਿੱਥੇ ਪੁਲੀਸ ਨੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ। ਉੱਤਰ ਪ੍ਰਦੇਸ਼ ਦੇ ਸੰਭਲ ਖੇਤਰ ਵਿੱਚ ਸਟੇਟ ਟਰਾਂਸਪੋਰਟ ਦੀ ਬੱਸ ਨੂੰ ਅੱਗ ਲਾ ਦਿੱਤੀ। ਪੁਲੀਸ ਨੂੰ ਮਦੀਆਗੰਜ ਖੇਤਰ ਵਿੱਚ ਸਥਿਤੀ ’ਤੇ ਕਾਬੂ ਪਾਊਣ ਲਈ ਅੱਥਰੂ ਗੈਸ ਦੇ ਗੋਲ ਛੱਡਣੇ ਪਏ ਅਤੇ ਕਰੀਬ 20 ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ। ਲਖਨਊ ਦੇ ਵਿਧਾਨ ਸਭਾ ਕੰਪਲੈਕਸ ਵਿੱਚ ਵਿਰੋਧੀ ਧਿਰਾਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਪ੍ਰਦਰਸ਼ਨ ਕੀਤਾ। ਅਲੀਗੜ੍ਹ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅਧਿਆਪਕਾਂ ਵਲੋਂ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ। ਬਿਹਾਰ ਵਿੱਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰਾਂ ਨੇ ਰੇਲਵੇ ਟਰੈਕਾਂ ’ਤੇ ਧਰਨੇ ਦਿੱਤੇ ਅਤੇ ਜਨ ਅਧਿਕਾਰ ਪਾਰਟੀ ਦੇ ਸੈਂਕੜੇ ਕਾਰਕੁਨਾਂ ਨੇ ਟਾਇਰ ਫੂਕੇ। ਉਨ੍ਹਾਂ ਨੇ ਇੱਕ ਐਂਬੂਲੈਂਸ ਦੀ ਵੀ ਭੰਨਤੋੜ ਕੀਤੀ। ਮਹਾਰਾਸ਼ਟਰ ਵਿੱਚ ਕਾਂਗਰਸ, ਐੱਨਸੀਪੀ ਅਤੇ ਹੋਰ ਪਾਰਟੀਆਂ ਨੇ ‘ਹਮ ਭਾਰਤ ਕੇ ਲੋਗ’ ਨਾਂ ਹੇਠ ਫਰੰਟ ਬਣਾ ਕੇ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਰੋਸ ਰੈਲੀ ਕੀਤੀ। ਇਸ ਰੈਲੀ ਤੋਂ ਸੱਤਾਧਾਰੀ ਸ਼ਿਵ ਸੈਨਾ ਨੇ ਆਪਣੇ ਆਪ ਨੂੰ ਦੂਰ ਰੱਖਿਆ। ਇਸ ਦੌਰਾਨ ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ, ਜਿੱਥੋਂ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ, ਵਿੱਚ ਅੱਜ ਜ਼ਿਆਦਾਤਰ ਸ਼ਾਂਤਮਈ ਪ੍ਰਦਰਸ਼ਨ ਹੋਏ। ਇਸ ਤੋਂ ਇਲਾਵਾ ਤੇਲੰਗਾਨਾ, ਕੇਰਲ, ਤਾਮਿਲ ਨਾਡੂ, ਚੰਡੀਗੜ੍ਹ, ਜੰਮੂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ।