ਹਿੰਸਕ ਮਨਸੂਬਿਆਂ ’ਚ ਕਾਮਯਾਬ ਨਹੀਂ ਹੋ ਸਕੇਗਾ ਪਾਕਿ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੰਡ ਰੌਲੀ ਵਿਚ ਪੁਲਵਾਮਾ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਗੁਆਂਢੀ ਮੁਲਕ ਨੂੰ ਉਸ ਦੇ ਹਿੰਸਕ ਮਨਸੂਬਿਆਂ ’ਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਜ਼ਿੰਮੇਵਾਰਾਂ ਨੂੰ ਖ਼ਮਿਆਜਾ ਭੁਗਤਣਾ ਪਵੇਗਾ। ਮੁੱਖ ਮੰਤਰੀ ਨੇ ਜਵਾਨ ਕੁਲਵਿੰਦਰ ਦੇ ਪਿਤਾ ਦਰਸ਼ਨ ਸਿੰਘ ਤੇ ਮਾਤਾ ਅਮਰਜੀਤ ਕੌਰ ਵੱਲੋਂ ਸ਼ਹੀਦ ਦੀ ਯਾਦਗਾਰ ਸਬੰਧੀ ਰੱਖੀ ਮੰਗ ’ਤੇ ਪਿੰਡ ਰੌਲੀ ਤੋਂ ਆਨੰਦਪੁਰ ਸਾਹਿਬ ਬਰਾਸਤਾ ਲੋਦੀਪੁਰ ਲਿੰਕ ਸੜਕ ਅਤੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਰੌਲੀ ਦਾ ਨਾਂ ਬਦਲ ਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨ ਇਕਲੌਤਾ ਪੁੱਤਰ ਸੀ, ਇਸ ਲਈ ਪੰਜਾਬ ਸਰਕਾਰ ਨੇ ਮਾਤਾ-ਪਿਤਾ ਨੂੰ ਮਿਲਣ ਵਾਲੀ 12 ਲੱਖ ਰੁਪਏ ਦੀ ਰਾਸ਼ੀ ਤੋਂ ਇਲਾਵਾ ਉਸ ਦੇ ਮਾਪਿਆਂ ਨੂੰ ਉਮਰ ਭਰ ਲਈ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਮਰਜੀਤ ਸਿੰਘ ਸੈਣੀ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੇ ਹੋਰ ਹਾਜ਼ਰ ਸਨ।

Previous articleਹਮਲੇ ਖ਼ਿਲਾਫ਼ ਮੇਰੇ ਮਨ ਵਿੱਚ ਵੀ ਗੁੱਸੇ ਦਾ ਭਾਂਬੜ: ਮੋਦੀ
Next articleਮਾਲਵਿੰਦਰ ਵੱਲੋਂ ਆਪਣੇ ਭਰਾ ਤੇ ਡੇਰਾ ਰਾਧਾ ਸਵਾਮੀ ਮੁਖੀ ਖਿਲਾਫ਼ ਸ਼ਿਕਾਇਤ