ਪੱਤਰਕਾਰੀ ਸੱਚਾ ਸੁੱਚਾ ਪੇਸ਼ਾ ਹੈ । ਪੱਤਰਕਾਰ ਸੱਚ ਦੇ ਖੋਜੀ ਹੁੰਦੇ ਹਨ । ਉਹਨਾਂ ਨੂੰ ਹਮੇਸ਼ਾ ਸਿਰ ‘ਤੇ ਕੱਫਨ ਬੰਨ੍ਹਕੇ ਚੱਲਣਾ ਪੈਂਦਾ ਹੈ । ਉਹ ਸਿਰਾਂ ਦੇ ਸੌਦਾਗਰ ਹੁੰਦੇ ਹਨ । ਪੱਤਰਕਾਰੀ ਚ ਨਿਰਪੱਖਤਾ ਦਾ ਪੱਲਾ ਹਮੇਸ਼ਾ ਹੀ ਘੁਟਕੇ ਫੜਨਾ ਪਂੈਦਾ ਹੈ । ਖ਼ਬਰਾਂ ਦੀ ਬਹੁ ਪਰਤੀ ਪੜਚੋਲ ਕਰਨੀ ਤੇ ਉਹਨਾ ਸੰਤੁਲਿਤ ਰੂਪ ਚ ਪੇਸ਼ ਕਰਕੇ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨੀ ਨਿੱਗਰ ਪੱਤਰਕਾਰਤਾ ਦਾ ਦਾਇਤਵ ਵੀ ਹੁੰਦਾ ਹੈ ਤੇ ਪਹਿਚਾਣ ਵੀ । ਪੱਤਰਕਾਰੀ ਤੇ ਸਚਾਈ ਦਾ ਚੋਲੀ ਦਾਮਨ ਦਾ ਸਾਥ ਹੁੰਦਾ ਹੈ । ਪੱਤਰਕਾਰ ਸੱਚ ਦੇ ਹਾਮੀ ਹੀ ਨਹੀਂ ਸਗੋਂ ਸੱਚ ਦੇ ਪੁਜਾਰੀ ਹੁੰਦੇ ਹਨ ਆਦਿ ਵਗੈਰਾ ਵਗੈਰਾ ਗੱਲਾਂ ਪੱਤਰਕਾਰੀ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਦੱਸੀਆਂ ਤੇ ਸਿਖਾਈਆਂ ਜਾਂਦੀਆਂ ਹਨ । ਪਰ ਕੋਰਸ ਪੂਰਾ ਕਰਨ ਤੋਂ ਬਾਦ ਪੱਤਰਕਾਰੀ ਦੇ ਖੇਤਰ ਚ ਪੈਰ ਧਰਦਿਆਂ ਹੀ ਉਹਨਾਂ ਅਹਿਸਾਸ ਹੋ ਜਾਂਦਾ ਹੈ ਕਿ ਅਸਲੀਅਤ ਬਿਲਕੁਲ ਵਖਰੀ ਹੈ । ਪੱਤਰਕਾਰੀ ਵੀ ਦੂਜੇ ਧੰਦਿਆ ਵਾਂਗ ਇਕ ਵਪਾਰ ਹੈ, ਤਜਾਰਤੀ ਮੰਡੀ ਦੀ ਵਸਤ ਹੈ, ਪੱਤਰਕਾਰ ਜੋ ਪੱਤਰਕਾਰੀ ਦੇ ਕਲ-ਪੁਰਜ਼ੇ ਹਨ ਉਹਨਾ ਦੀ ਵੀ ਖਰੀਦੋ ਫ਼ਰੋਖ਼ਤ ਹੁੰਦੀ ਹੈ, ਪੈਸੇ ਦੀ ਚੂਰੀ ਪਾ ਕੇ ਉਹਨਾ ਨੂੰ ਬਿਲਕੁਲ ਚੂਰੀ ਖਾ ਕੇ ਬੋਲਣ ਵਾਲੇ ਪਾਲਤੂ ਤੋਤੇ ਬਣਾਇਆ ਜਾਂਦਾ ਤੇ ਕਈ ਹਾਲਤਾਂ ਚ ਮਜਬੂਰੀ ਵੱਸ ਉਹਨਾਂ ਨੂੰ ਅਜਿਹਾ ਕਰਨਾ ਵੀ ਪੈਦਾ ਹੈ ।
ਆਓ, ਹੁਣ ਉਕਤ ਪਰਸੰਗ ਚ ਹੀ ਗੱਲ ਕਰਦੇ ਹਾਂ, ਹਿੰਦੁਸਤਾਨੀ ਮੀਡੀਏ ਦੀ ਤੇ ਸ਼ੋਸ਼ਲ ਮੀਡੀਏ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ । ਵੈਸੇ ਤਾਂ ਪੱਤਰਕਾਰੀ ਦੀਆਂ ਸਾਰੀਆਂ ਪਰੰਪਰਾਵਾਂ ਨੂੰ ਭੱਠੀ ਚ ਝੋਕ ਕੇ ਹਿੰਦੁਸਤਾਨੀ ਮੀਡੀਆ ਬਹੁਤ ਦੇਰ ਤੋਂ ਤਜਾਰਤੀ ਮੰਡੀ ਬਣਿਆਂ ਹੋਇਆ ਹੈ ਪਰ ਪੁਲਵਾਮਾ ਦੁਖਾਂਤ ਤੋਂ ਬਾਦ ਇਸ ਮੀਡੀਏ ਨੇ ਜਿੰਨਾ ਗ਼ੈਰ ਜਿੰਮੇਵਾਰਾਨਾ ਤੇ ਇਕ ਪਾਸੜ ਵਤੀਰਾ ਅਪਣਾ ਕੇ ਅੱਗ ਦੇ ਭਾਂਬੜ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇੰਤਹਾ ਤੋਂ ਵੀ ਪਰੇ ਦੀ ਗੱਲ ਹੋ ਨਿਬੜੀ । ਪੀਲੀ ਤੇ ਵਿਕਾਊ ਕਿਸਮ ਦੀ ਪੱਤਰਕਾਰੀ ਕਰਦੇ ਸਮੇਂ ਹਿੰਦੁਸਤਾਨੀ ਮੀਡੀਏ ਨੇ ਜਿੱਥੇ ਪੱਤਰਕਾਰੀ ਦੀਆਂ ਸੱਚੀਆਂ ਸੁਚੀਆਂ ਤੇ ਨਿਰਪੱਖ ਰਿਵਾਇਤਾਂ ਨੂੰ ਪੂਰੀ ਤਰਾਂ ਛਿੱਕੇ ਟੰਗਿਆ ਉੱਥੇ ਇਸ ਦੇ ਨਾਲ ਹੀ ਇਸ ਮੀਡੀਏ ਨੇ ਦੋ ਮੁਲਖਾਂ ਦੇ ਬਹੁਤ ਦੇਰ ਤੋਂ ਤਲਖ਼ ਚਲੇ ਆ ਰਹੇ ਸੁਧਰ ਰਹੇ ਰਿਸ਼ਤਿਆਂ ਚ ਇਕ ਵਾਰ ਫੇਰ ਸੇਹ ਦਾ ਤੱਕਲ਼ਾ ਗੱਡਕੇ ਬੇਦੋਸ਼ਿਆਂ ਦੇ ਖ਼ੂਨ ਨਾਲ ਆਪਣੇ ਹੱਥ ਮੂੰਹ ਨੂੰ ਰੰਗਣ ਦੀ ਕਿਸੇ ਪੱਖੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ । ਅਸੀਂ ਮੰਨਦੇ ਹਾਂ ਕਿ ਆਰਥਿਕਤਾ ਕਿਸੇ ਵੀ ਵਪਾਰਕ ਅਦਾਰੇ ਦੀ ਰੀੜ ਦੀ ਹੱਡੀ ਹੁੰਦੀ ਹੈ ਜਿਸ ਦੀ ਮਜ਼ਬੂਤੀ ਦੇ ਬਿਨਾ ਕਿਸੇ ਅਦਾਰੇ ਦਾ ਸਫਲਤਾ ਨਾਲ ਅੱਗੇ ਵਧਣਾ ਸੰਭਵ ਨਹੀਂ ਹੁੰਦਾ । ਪਰ ਇਹ ਵੀ ਸੱਚ ਹੈ ਕਿ ਜੇਕਰ ਲੋਕ-ਤੰਤਰ ਦਾ ਚੌਥਾ ਪਾਵਾ ਮੰਨਿਆਂ ਜਾਣ ਵਾਲਾ ਪੱਤਰਕਾਰੀ ਅਦਾਰਾ ਸਹੀ ਰਾਹਨੁਮਾਈ ਦੇਣ ਦੀ ਬਜਾਏ ਕਿਸੇ ਸੱਤਾ ਧਾਰੀ ਧਿਰ ਦਾ ਦੁੰਮ ਛੱਲਾ ਬਣਕੇ ਜਾ ਉਸ ਦੀ ਗੋਦੀ ਚ ਬੈਠਕੇ ਸਹੀ ਜਾਣਕਾਰੀ ਦਬਾ ਕੇ ਦੇਸ਼ ਦੀ ਜਨਤਾ ਨੂੰ ਗਲਤ ਜਾ ਉਲਾਰੂ ਜਾਣਕਾਰੀ ਪ੍ਰਦਾਨ ਕਰਕੇ ਗੁਮਰਾਹ ਕਰ ਰਿਹਾ ਹੋਵੇ ਤਾਂ ਉਸ ਦਾ ਅਜਿਹਾ ਕਰਨਾ ਜਨਤਾ ਦੀ ਪਿੱਠ ਚ ਛੁਰਾ ਮਾਰਨ ਤੋਂ ਕਿਸੇ ਵੀ ਤਰਾਂ ਘੱਟ ਨਹੀਂ ਹੁੰਦਾ ਤੇ ਹਿੰਦੁਸਤਾਨੀ ਮੀਡੀਏ ਨੇ ਇਸ ਪੱਖੋਂ ਦੂਹਰਾ ਧੋਖਾ ਕੀਤਾ ਹੈ । ਉਸ ਨੇ ਆਪਣੇ ਦੇਸ਼ ਦੀ ਜਨਤਾ ਨੂੰ ਗੁਮਰਾਹਕੁਨ ਜਾਣਕਾਰੀ ਪ੍ਰਦਾਨ ਕਰਕੇ ਪਿੱਠ ਚ ਛੁਰਾ ਵੀ ਮਾਰਿਆਂ ਹੈ ਤੇ ਸੀਨੇ ਚ ਖ਼ੰਜਰ ਵੀ ਖਭੋਇਆ ਹੈ ।
ਕੁਝ ਕੁ ਇਕਾ ਦੁਕਾ ਅਖ਼ਬਾਰਾਂ, ਟੈਲੀਵੀਜਨ ਚੈਨਲਾਂ ਤੇ ਪੱਤਰਕਾਰਾਂ ਨੂੰ ਛੱਡਕੇ ਬਹੁਤਾ ਹਿੰਦੂਵਾਦੀ ਮੀਡੀਆ ਜਾਂ ਤਾਂ ਟੀ ਪੀ ਆਰ ਮਗਰ ਭੱਜ ਰਿਹਾ ਦਿੱਖ ਰਿਹਾ ਹੈ ਜਾ ਫੇਰ ਪੇਡ ਖ਼ਬਰਾਂ ਨਸ਼ਰ ਕਰਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਦੌੜ ਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਚ ਲੱਗਾ ਹੋਇਆ ਨਜ਼ਰ ਆ ਰਿਹਾ ਹੈ । ਅਸਲ ਅਜਿਹਾ ਕਰਕੇ ਇਹ ਫਿਰਕੂ ਮੀਡੀਆ ਅਮਨ, ਸ਼ਾਂਤੀ, ਨਿਰਪੱਖਤਾ ਤੇ ਸਚਾਈ ਦਾ ਦੂਤ ਬਣਨ ਦੀ ਬਜਾਏ ਨਫ਼ਰਤ ਦੀ ਅੱਗ ਦੇ ਭਾਂਬੜ ਮਚਾ ਕੇ ਕੂੜ ਦਾ ਪਾਸਾਰ ਕਰਨ ਵਾਲਾ ਭੂਤ ਹੋ ਨਿੱਬੜਿਆ ਹੈ । ਇਸ ਦੀ ਹੁਣਵੀ ਭੂਮਿਕਾ ਵਿੱਚੋਂ ਦੂਰ ਦੂਰ ਤੱਕ ਵੀ ਪੱਤਰਕਾਰੀ ਨਜ਼ਰ ਨਹੀਂ ਆਊੰਦੀ । ਉਹਹ ਖ਼ਬਰਾਂ ਤੇ ਰਿਪੋਰਟਾਂ ਜੋ ਵਾਪਰੀ ਘਟਨਾ ਦੀ ਅਸਲੀਅਤ ਪੇਸ਼ ਕਰਦੀਆਂ ਹਨ ਤੇ ਜਨਤਾ ਦੇ ਸਾਹਮਣੇ ਪ੍ਰਸਤੁਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਅਕਸਰ ਹੀ ਦਬਾ ਲਈਆਂ ਜਾਂਦੀਆਂ ਹਨ ਤੇ ਉਹਨਾਂ ਦੀ ਬਜਾਏ ਚਾਂਦੀ ਦੀ ਜੁੱਤੀ ਵਾਲ਼ੀਆਂ ਅਖ਼ਬਰਾਂ ਦੀ ਪੇਸ਼ਕਾਰੀ ਹੱਦ ਦਰਜੇ ਦੀ ਬੇਸ਼ਰਮੀਨਾਲ ਕਈ ਕਈ ਦਿਨ ਕੀਤੀ ਜਾਂਦੀ ਹੈ ਤੇ ਸ਼ਰੇਆਮ ਪੱਤਰਕਾਰੀ ਦੀ ਮਰਿਆਦਾ ਤੇ ਕੋਡ ਆਫ ਕੰਡਕਟ ਨੂੰ ਬਿਨਾ ਕਿਸੇ ਰੋਕ ਟੋਕ ਦੇ ਮਿੱਟੀ ਚ ਮਿਲਾਇਆ ਜਾਂਦਾ ਹੈ । ਏਹੀ ਕਾਰਨ ਹੈ ਕਿ ਪਿਛਲੇ ਸਾਲ ਦਸਹਿਰੇ ‘ਤੇ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਦੀ ਕਵਰੇਜ ਨੂੰ ਲੈ ਕੇ ਜੋ ਕੁੱਜ ਹੋਇਆ ਵਾਪਰਿਆਂ ਓਹੀ ਕੁੱਜ ਪੁਲਵਾਮਾ ਘਟਨਾ ਕਾਂਡ ਵੇਲੇ ਵਾਪਰਿਆ । ਦਿੱਲੀ ਚ ਪਾਰਲੀਮੈਂਟ ‘ਤੇ ਹਮਲੇ ਵੇਲੇ ਜੋ ਘਟੀਆ ਕਿਸਮ ਦੀ ਪੱਤਰਕਾਰੀ ਹਿੰਦੁਸਤਾਨੀ ਮੀਡੀਏ ਨੇ ਪੇਸ਼ ਕੀਤੀ, ਓਹੀ ਖੇਹ ਬੰਬਈ ਤਾਜ ਹੋਟਲ, ਗੋਧਰਾ ਕਾਡ ਤੇ ਪਠਾਨਕੋਟ ਏਅਰ ਬੇਸ ‘ਤੇ ਅਤਵਾਦੀ ਹਮਲੇ ਵੇਲੇ ਉਡਾਈ । ਹਿੰਦੁਸਤਾਨ ਦੀ ਅਤਿ ਦਰਜੇ ਦੀ ਗਿਰ ਚੁੱਕੀ ਹਿੰਦੁਵਾਦੀ ਪੱਤਰਕਾਰੀ ਨੂੰ ਦੇਖਦੇ ਹੋਏ, ਇਕ ਗੱਲ ਬੇਝਿਜਕ ਹੋ ਕੇ ਕਹਿ ਸਕਦਾ ਹਾ ਕਿ ਜੇਕਰ ਸ਼ੋਸ਼ਲ ਮੀਡੀਆ ਅੱਜ ਦੇ ਯੁੱਗ ਵਿੱਚ ਨਾ ਹੁੰਦਾ ਤਾ ਹਿੰਦੁਸਤਾਨੀ ਇਲੈਕਟਰਾਨਕ ਤੇ ਪਰੈਸ ਮੀਡੀਏ ਦੇ ਇਸ ਘਟੀਆ ਕਿਰਦਾਰ ਨੂੰ ਨੰਗਾ ਕਰਨ ਚ ਅਜੇ ਇਕ ਹਜਾਰ ਸਾਲ ਤੋਂ ਵੀ ਵੱਧ ਦਾ ਸਮਾਂ ਹੋਰ ਲੱਗ ਸਕਦਾ ਸੀ । ਆਪਣੀ ਉਕਤ ਧਾਰਨਾ ਦੀ ਪੁਸ਼ਟੀ ਹਿਤ ਪੁਲਵਾਮਾ ਵਾਲੀ ਘਟਨਾ ਦਾ ਹਵਾਲਾ ਦਿੱਤਾ ਜਾ ਸਕਦਾ ਹੈ । ਹਿੰਦੂਵਾਦੀ ਮੀਡੀਏ ਨੇ ਘਟਨਾ ਦੇ ਅਸਲੀ ਕਾਰਨਾ ਤੋ ਪਰੇ ਜਾ ਕੇ ਜਾਂ ਕਹਿ ਲਓ ਕਿ ਤੱਥਾ ਦੀ ਤੋੜ ਮਰੋੜ ਕਰਕੇ ਹਿੰਦਸਤਾਨ ਪਾਕਿਸਤਾਨ ਚ ਜੰਗ ਭੜਕਾਉਣ ਦੀ ਹੱਦੋ ਵੱਧ ਕੋਸ਼ਿਸ਼ ਕੀਤੀ, ਸ਼ੋਸ਼ਲ ਮੀਡੀਏ ਨੇ ਜਿਥੇ ਇਸ ਦਾ ਡਟਵਾਂ ਵਿਰੋਧ ਕੀਤਾ ਉਥੇ ਨਾਲ ਹੀ ਘਟਨਾ ਦੇ ਸਹੀ ਕਾਰਨਾ ਦਾ ਖੁਲਾਸਾ ਵੀ ਬੜੀ ਬਾਰੀਕੀ ਨਾਲ ਕੀਤਾ ਜਿਸ ਕਾਰਨ ਹੁਣ ਕਿਸੇ ਨੂੰ ਇਸ਼ ਗੱਲ ਦਾ ਕੋਈ ਸ਼ੰਕਾ ਬਾਕੀ ਨਹੀ ਰਹਿ ਗਿਆ ਕਿ ਇਹ ਕਾਰਾ ਵਰਤਾਉਣ ਵਾਲਾ ਪਾਕਿਸਤਾਨ ਨਹੀ ਸਗੋ ਵਾੜ ਹੀ ਖੇਤ ਨੂੰ ਖਾ ਤੇ ਊਜਾੜ ਰਹੀ ਹੈ ।
ਹਿੰਦਸਤਾਨੀਆਂ ਨੇ ਬਜਰ ਗਲਤੀ ਨਾਲ ਛੋਲਿਆਂ ਦੇ ਬੋਹਲ ਰਾਖੀ ਬੱਕਰੇ ਜਾਂ ਫੇਰ ਇੰਜ ਕਹਿ ਲਓ ਕਿ ਦੁੱਧ ਦੀ ਰਾਖੀ ਬਾਘੜ ਬਿੱਲੇ ਬਿਠਾ ਰੱਖੇ ਹਨ ਜਿਹਨਾ ਤੋਂ ਉਹਨਾਂ ਦੇ ਸ਼ੁਭਾਅ ਦੇ ਉਲਟ ਹੋਣ ਦਾ ਪਤਾ ਹੋਣ ਦੇ ਬਾਵਜੂਦ ਵੀ ਮੂਰਖਪੁਣੇ ਚ ਰਾਖੀ ਦੀ ਆਸ ਰੱਖੀ ਜਾ ਰਹੀ ਹੈ । ਇਹ ਸ਼ੋਸ਼ਲ ਮੀਡੀਆ ਹੀ ਹੈ ਜੋ ਹਿੰਦੁਸਤਾਨੀ ਸਿਆਸੀ ਗਿਰਝਾਂ ਦੀ ਕਹਿਣੀ ਤੇ ਕਰਨੀ ਵਿਚਲੇ ਫਰਕ ਦਾ ਪੋਲ ਖੋਹਲ ਰਿਹਾ ਹੈ ਤੇ ਉਹਨਾ ਦੀ ਹਾਥੀ ਦੇ ਦੰਦਾ ਵਾਲੀ (ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ) ਬਿਰਤੀ ਜੱਗ ਜਾਹਿਰ ਕਰ ਰਿਹਾ ਹੈ । ਇਹ ਗੱਲ ਵੀ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਸ਼ੋਸ਼ਲ ਮੀਡੀਆ ਨਾ ਹੁੰਦਾ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਹੁਣ ਤੱਕ ਕਦੇ ਦੇ ਲਾਸ਼ਾਂ ਦੇ ਢੇਰਾਂ ਚ ਬਦਲ ਕੇ ਖ਼ੂਨ ਚ ਲੱਖ ਪੱਥ ਹੁੰਦੇ । ਇਸ ਦੇ ਨਾਲ ਹੀ ਇੱਥੇ ਇਮਰਾਨ ਖਾਨ ਵਰਗੇ ਦੂਰ ਅੰਦੇਸ਼ ਸੋਚ ਵਾਲੇ ਇਨਸਾਨ ਜੋ ਪਹਿਲਾ ਇਕ ਕਾਮਯਾਬ ਖਿਡਾਰੀ ਵਜੋਂ ਤੇ ਹੁਣ ਸਿਆਸਤਦਾਨ ਵਜੋਂ ਵਿਚਰ ਰਿਹਾ ਹੈ ਦਾ ਤਹਿ ਦਿਲੋਂ ਧੰਨਵਾਦ ਕਰਨਾ ਵੀ ਬਣਦਾ ਹੈ ਜਿਸ ਨੇ ਹਿੰਦੁਸਤਾਨੀ ਸੌੜੀ ਸਿਆਸਤ ਤੇ ਵਿਕਾਊ ਮੀਡੀਏ ਦੁਆਰਾ ਫਿਰਕੂ ਨਫ਼ਰਤ ਰੂਪੀ ਜ਼ਹਿਰ ਫੈਲਾ ਕੇ ਜੰਗ ਦੀ ਮਘਾਈ ਜਾ ਰਹੀ ਭੱਠੀ ਉੱਤੇ ਪਿਆਰ ਰੂਪੀ ਦੋ ਬੋਲਾਂ ਦੇ ਅੰਮ੍ਰਿਤਸਰ ਦਾ ਛਿੱਟਾ ਦੇ ਕੇ ਠੰਢ ਵਰਸਾਈ । ਕਹਿਣ ਨੂੰ ਬੇਸ਼ੱਕ ਬੇਸ਼ਰਮੀ ਦੀਆ ਸਾਰੀਆਂ ਹੱਦਾਂ ਪਾਰ ਕਰਕੇ ਹਿੰਦੁਸਤਾਨੀ ਮੀਡੀਆ ਤੇ ਸਿਆਸੀ ਗਿੱਧ ਇਹ ਕਹੀ ਜਾਣ ਕਿ ਪਾਕਿਸਤਾਨ, ਹਿੰਦੁਸਤਾਨ ਦੇ ਦਬਾ ਅੱਗੇ ਝੁਕ ਗਿਆ ਹੈ, ਡਰ ਗਿਆ ਹੈ, ਘਬਰਾ ਗਿਆ ਹੈ ਜਿਸ ਕਰਕੇ ਉਸ ਨੇ ਗ੍ਰਿਫਤਾਰ ਕੀਤੇ ਪਾਇਲਟ ਨੂੰ ਸਹੀ ਸਲਾਮਤ ਵਾਪਸ ਕਰ ਦਿੱਤਾ ਹੈ ਪਰ ਹਕੀਕਤ ਇਹ ਵੀ ਹੈ ਕਿ ਹਿੰਦੁਸਤਾਨ ਅਜੇ ਤੱਕ ਨਾ ਹੀ 1971 ਦੀ ਜੰਗ ਦੇ ਬਹੁਤ ਸਾਰੇ ਫੌਜੀਆਂ ਨੂੰ ਪਾਕਿਸਤਾਨ ਤੋਂ ਰਿਹਾਅ ਕਰਵਾ ਸਕਿਆ ਹੈ ਤੇ ਨਾ ਹੀ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਸਰਬਜੀਤ ਸਿੰਘ ਨੂੰ ਜ਼ਿੰਦਾ ਵਾਪਸ ਲਿਆ ਸਕਿਆ ਸੀ । ਡੀਂਗਾਂ ਵੱਡੀਆਂ ਵੱਡੀਆਂ ਮਾਰਕੇ ਧੂੜ ਚ ਟੱਟੀ ਭਜਾਉਣ ਤੋਂ ਇਲਾਵਾ ਨਾ ਹੀ ਹਿੰਦੁਸਤਾਨੀ ਸਿਆਸੀ ਗਿੱਧਾ ਤੇ ਨਾ ਹੀ ਹਿੰਦੂਵਾਦੀ ਮੀਡੀਏ ਦੇ ਪੱਲੇ ਕੁੱਜ ਹੈ ।
ਆਖਿਰ ਚ ਕਹਾਂਗਾ ਕਿ ਦੂਰ ਅੰਦੇਸ਼ੀ ਤੇ ਅਕਲੋ ਪੈਦਲ ਹਿੰਦੁਸਤਾਨ ਦੇ ਕਥਿਤ ਸਿਆਸਤਦਾਨਾਂ ਤੇ ਮੀਡੀਏ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਕੇ ਸੱਚ ਨੂੰ ਹੁਣ ਪਛਾਣ ਲੈਣਾ ਚਾਹੀਦਾ ਹੈ ਨਹੀਂ ਤਾਂ ਹਰ ਵਾਰ ਮੂੰਹ ਦੀ ਖਾਣੀ ਪਵੇਗੀ ਤੇ ਮੂੰਹ ਭਾਰ ਡਿਗਕੇ ਮੂੰਹ ਭਨਾਉਣਾ ਪਵੇਗਾ । ਸਿਆਸੀ ਭੁੱਖ ਪੂਰਤੀ ਲਈ ਨਾ ਹੀ ਸ਼ਿਆਸੀ ਚਾਲੀਂ ਬਹੁਤਾ ਦੇਰ ਚੱਲਣਗੀਆਂ ਤੇ ਨਾ ਹੀ ਇਲੈਕਟਰਾਨਕ ਤੇ ਪ੍ਰੈਸ ਮੀਡੀਏ ਦੀ ਖਰੀਦੇ ਫ਼ਰੋਖ਼ਤ ਕਰਕੇ ਸੁਆਰਥੀ ਤੇ ਮਨ ਇੱਛਿਤ ਨਤੀਜੇ ਪ੍ਰਾਪਤ ਹੋ ਸਕਣਗੇ ਕਿਉਂਕਿ ਸ਼ੋਸ਼ਲ ਮੀਡੀਆ ਕਿਸੇ ਦਾ ਗੁਲਾਮ ਨਹੀਂ , ਇੱਕੀਵੀ ਸਦੀ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਝੂਠ, ਮਕਰ ਤੇ ਫ਼ਰੇਬਾਂ ਦੇ ਢੋਲ ਦਾ ਪੋਲ ਬਿਨ ਦੇਰੀ ਨਾਲ਼ੋਂ ਨਾਲ ਖੋਹਲ ਰਿਹਾ ਤੇ ਅੱਗੋਂ ਵੀ ਖੋਹਲਦਾ ਰਹੇਗਾ ।
-ਪ੍ਰੋ ਸ਼ਿੰਗਾਰਾ ਸਿੰਘ ਢਿਲੋਂ