ਪੰਜਾਬ ਪੁਲੀਸ ਦੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਜਸਪਾਲ ਸਿੰਘ ਪੰਜਾਵਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵੱਡੀ ਗਿਣਤੀ ਲੋਕ ਜੁੜਨ ਲੱਗ ਪਏ ਹਨ। ਜਸਪਾਲ ਪੰਜਾਵਾ ਉਰਫ਼ ਲਾਡੀ ਦੇ ਜੱਦੀ ਇਲਾਕੇ ਲੰਬੀ ਹਲਕੇ ’ਚ ਅੱਜ ਲੋਕਾਂ ਅਤੇ ਲੋਕਪੱਖੀ ਜਥੇਬੰਦੀਆਂ ਨੇ ਕਰੀਬ ਇੱਕ ਘੰਟੇ ਤੱਕ ਦਿੱਲੀ-ਫਾਜ਼ਿਲਕਾ ਕੌਮੀ ਮਾਰਗ-9 ’ਤੇ ਆਵਾਜਾਈ ਠੱਪ ਕਰਕੇ ਪੰਜਾਬ ਪੁਲੀਸ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਇਸ ਦੌਰਾਨ ਲੰਬੀ ਦੇ ਸਮੂਹ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਰੋਸ ਮਾਰਚ ਦਾ ਹਿੱਸਾ ਬਣੇ। ਪਿੰਡ ਪੰਜਾਵਾ ਤੋਂ ਜਸਪਾਲ ਸਿੰਘ ਦੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ ਆਮ ਲੋਕ, ਨੌਜਵਾਨ, ਔਰਤਾਂ ਅਤੇ ਹੋਰ ਜਨਤਕ ਜਥੇਬੰਦੀਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਤਰਕਸ਼ੀਲ ਸੁਸਾਇਟੀ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਲੋਕ ਮੋਰਚਾ ਪੰਜਾਬ ਦੇ ਆਗੂ ਅਤੇ ਕਾਰਕੁਨ ਸ਼ਾਮਲ ਹੋਏ। ਇਸ ਦੌਰਾਨ ਰੋਸ ਮਾਰਚ ਬਿਜਲੀ ਘਰ ਤੋਂ ਗਿੱਦੜਬਾਹਾ ਰੋਡ, ਜੀ.ਟੀ.ਰੋਡ ਤੇ ਪੁਲੀਸ ਥਾਣੇ ਮੂਹਰੇ ਹੁੰਦਾ ਹੋਇਆ ਲੰਬੀ ਦੇ ਬੱਸ ਸਟੈਂਡ ਪੁੱਜਿਆ ਜਿੱਥੇ ਪੰਜਾਬ ਸਰਕਾਰ ਤੇ ਪੁਲੀਸ ਦੀ ਅਰਥੀ ਫੂਕੀ ਗਈ। ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਕਾਸ਼ ਚੰਦ ਚੰਨੂ, ਸੁਖਦਰਸ਼ਨ ਸਿੰਘ ਅਤੇ ਮਨਜੀਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਕੁਲਦੀਪ ਸ਼ਰਮਾ ਖੁੱਡੀਆਂ ਨੇ ਲੋਕਾਂ ਨੂੰ ਇਨਸਾਫ ਲਈ ਐਸਐਸਪੀ ਦਫਤਰ ਫਰੀਦਕੋਟ ਮੂਹਰੇ ਚੱਲ ਰਹੇ ਸੰਘਰਸ਼ ’ਚ ਸ਼ਾਮਿਲ ਹੋਣ ਲਈ 29 ਮਈ ਨੂੰ ਫਰੀਦਕੋਟ ਪੁੱਜਣ ਦੀ ਅਪੀਲ ਕੀਤੀ।
INDIA ਹਿਰਾਸਤੀ ਮੌਤ: ਲੰਬੀ ਵਿੱਚ ਪੁਲੀਸ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ