ਸਮਾਜਿਕ ਤੇ ਸਿਆਸੀ ਜਥੇਬੰਦੀਆਂ ਪੀੜਤ ਪਰਿਵਾਰ ਲਈ ਡਟੀਆਂ
ਸੀਆਈਏ ਸਟਾਫ਼ ਫਰੀਦਕੋਟ ਵੱਲੋਂ 18 ਮਈ ਦੀ ਰਾਤ ਨੂੰ ਹਿਰਾਸਤ ’ਚ ਲੈਣ ਮਗਰੋਂ ਕਥਿਤ ਕਤਲ ਹੋਏ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ (22) ਦੇ ਪਿਤਾ ਹਰਬੰਸ ਸਿੰਘ ਤੇ ਨਾਨਾ ਹੀਰਾ ਸਿੰਘ ਨੇ ਅੱਜ ਦੇਰ ਸ਼ਾਮ ਇਨਸਾਫ਼ ਨਾ ਮਿਲਣ ਦੇ ਦੁੱਖੋਂ ਅੱਜ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਦੋਵਾਂ ਨੂੰ ਬਚਾਅ ਲਿਆ। ਜਸਪਾਲ ਦੇ ਨਾਨਾ ਹੀਰਾ ਸਿੰਘ (70) ਨੇ ਕਿਹਾ ਕਿ ਪੁਲੀਸ ਉਸ ਨੂੰ ਜਿਊਂਦਾ ਲੈ ਕੇ ਗਈ ਸੀ ਅਤੇ ਹੁਣ ਲਾਸ਼ ਵੀ ਨਹੀਂ ਲੱਭ ਰਹੀ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਧਰਨੇ ਦੇ ਆਸ-ਪਾਸ ਸੁਰੱਖਿਆ ਘੇਰਾ ਕਾਫ਼ੀ ਮਜ਼ਬੂਤ ਕਰ ਦਿੱਤਾ ਹੈ। ਤਣਾਅ ਕਾਰਨ ਪੁਲੀਸ ਮੁਖੀ ਪੂਰਾ ਦਿਨ ਆਪਣੇ ਦਫ਼ਤਰ ਨਹੀਂ ਆਏ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਪੁਲੀਸ ਹਿਰਾਸਤ ’ਚ ਹੋਈ ਮੌਤ ਸਮੁੱਚੇ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ ਤੇ ਉਹ ਇਸ ਮਾਮਲੇ ’ਚ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਸੱਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਦੀਆਂ ਤਿੰਨ ਟੀਮਾਂ ਰਾਜਸਥਾਨ ਫੀਡਰ ’ਚੋਂ ਦੇਹ ਲੱਭਣ ਲੱਗੀਆਂ ਹੋਈਆਂ ਹਨ। ਪੁਲੀਸ ਨੇ ਕਤਲ ਕਾਂਡ ਵਿੱਚ ਸ਼ਾਮਲ ਸੀ.ਆਈ.ਏ ਸਟਾਫ਼ ਦੇ ਦੋ ਪੁਲੀਸ ਮੁਲਾਜ਼ਮਾਂ ਸੰਤਰੀ ਸੁਖਮੰਦਰ ਸਿੰਘ ਅਤੇ ਮੁੱਖ ਮੁਣਸ਼ੀ ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਸਟਾਫ਼ ਇੰਚਾਰਜ ਨਰਿੰਦਰ ਸਿੰਘ ਦੇ ਗੰਨਮੈਨ ਗੁਰਪ੍ਰੀਤ ਸਿੰਘ ਖਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਪਰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਤਲ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਤੇ ਮ੍ਰਿਤਕ ਦੀ ਦੇਹ ਲੈਣ ਲਈ ਪਰਿਵਾਰਕ ਮੈਂਬਰਾਂ, ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਐੱਸਐੱਸਪੀ ਦਫ਼ਤਰ ਅੱਗੇ ਸਵੇਰੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਨੂੰ ਬੀਬੀ ਪਰਮਜੀਤ ਕੌਰ ਖਾਲੜਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ, ਲੱਖਾ ਸਿਧਾਣਾ, ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਬੀਬੀ ਖਾਲੜਾ ਨੇ ਕਿਹਾ ਕਿ ਪੰਜਾਬ ਦੀ ਮਾਨਸਿਕਤਾ ਅਜੇ ਤੱਕ ਨਹੀਂ ਬਦਲੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਅੱਜ ਵੀ ਨੌਜਵਾਨਾਂ ਨਾਲ ਅਤਿਵਾਦ ਦੇ ਸਮੇਂ ਵਾਲਾ ਸਲੂਕ ਕਰ ਰਹੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਫਰੀਦਕੋਟ ਪੁਲੀਸ ਦੀ ਨਿੰਦਾ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕੇਸ਼ਵ ਆਜ਼ਾਦ ਨੇ ਕਿਹਾ ਕਿ ਜਸਪਾਲ ਸਿੰਘ ਦੇ ਕਤਲ ਲਈ ਸੀਆਈਏ ਸਟਾਫ਼ ਤੋਂ ਇਲਾਵਾ ਸਿਆਸੀ ਆਗੂ ਤੇ ਹੋਰ ਪੁਲੀਸ ਅਧਿਕਾਰੀ ਵੀ ਜ਼ਿੰਮੇਵਾਰ ਹਨ। ਇਸ ਲਈ ਸ਼ੱਕ ਦੇ ਘੇਰੇ ’ਚ ਆਏ ਪੁਲੀਸ ਅਧਿਕਾਰੀਆਂ ਦੇ ਮੋਬਾਈਲ ਕਾਲਾਂ ਦੀ ਜਾਂਚ ਤੇ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਜਾਂਚ ਲਈ ਵਰਤਿਆ ਜਾਣਾ ਚਾਹੀਦਾ ਹੈ।