ਹਿਮਾਚਲ ਪੀਪੀਈ ਕਿੱਟ ਘਪਲਾ: ਪੰਜਾਬ ਦੀ ਫਰਮ ਦਾ ਮੁਲਾਜ਼ਮ ਗ੍ਰਿਫ਼ਤਾਰ

ਸ਼ਿਮਲਾ (ਸਮਾਜਵੀਕਲੀ): ਹਿਮਾਚਲ ਪ੍ਰਦੇਸ਼ ਵਿੱਚ ਪੀਪੀਈ ਕਿੱਟ ਰਿਸ਼ਵਤ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਜੀਲੈਂਸ ਬਿਊਰੋ ਨੇ ਪੰਜਾਬ ਦੀ ਫਰਮ ਦੇ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਪ੍ਰਦੇਸ਼ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਨੇ ਨੈਤਿਕ ਆਧਾਰਾਂ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਡੇਰਾਬੱਸੀ ਸਥਿਤ ਫਰਮ ਬਾਇਓ ਏਡ ਦੇ ਕਰਮਚਾਰੀ ਪ੍ਰਿਥਵੀ ਸਿੰਘ ਨੂੰ ਜਾਣਦੇ ਸਨ।

ਇਹ ਉਹੀ ਵਿਅਕਤੀ ਹੈ, ਜਿਸ ਨੇ ਸਿਹਤ ਡਾਇਰੈਕਟਰ ਦਾ ਕਥਿਤ ਰਿਸ਼ਵਤ ਮੰਗਣ ਬਾਰੇ ਆਡੀਓ ਬਣਾਈ ਤੇ ਉਸ ਨੂੰ ਵਾਇਰਲ ਕੀਤਾ ਸੀ। ਹਿਮਾਚਲ ਪ੍ਰਦੇਸ਼ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪ੍ਰਿਥਵੀ ਸਿੰਘ ਨੂੰ ਸ਼ਨਿਚਰਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਿਥਵੀ ਸਿੰਘ ਨੂੰ ਪੁੱਛ-ਪੜਤਾਲ ਲਈ ਬੁਲਾਇਆ ਗਿਆ ਸੀ ਪਰ ਜਦੋਂ ਉਸ ਨੂੰ ਬਿਊਰੋ ਵੱਲੋਂ ਇਕੱਠੇ ਕੀਤੇ ਨਵੇਂ ਸਬੂਤ ਦਿਖਾਏ ਗਏ ਤਾਂ ਉਸ ਨੇ ਕਿਸੇ ਸਵਾਲ ਦਾ ਸਹੀ ਤਸੱਲੀਬਖ਼ਸ਼ ਜੁਆਬ ਨਹੀਂ ਦਿੱਤਾ। ਐੱਸਪੀ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਪ੍ਰਿਥਵੀ ਸਿੰਘ ਤੇ ਸਿਹਤ ਸੇਵਵਾਾਂ ਦੇ ਮੁੁਅੱਤਲ ਡਾਇਰੈਕਟਰ ਅਜੈ ਗੁਪਤਾ ਤੋਂ ਵੱਖੋ-ਵੱਖਰੀ ਤੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛ-ਪੜਤਾਲ ਕੀਤੀ ਗਈ। 20 ਮਈ ਨੂੰ ਸਿਹਤ ਸੇਵਾਵਾਂ ਦੇ ਨਿਰਦੇਸ਼ਕ ਅਜੇ ਕੁਮਾਰ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ।

ਫਿਲਹਾਲ ਉਹ 30 ਮਈ ਤੋਂ ਜ਼ਮਾਨਤ ‘ਤੇ ਹੈ। 43-ਸੈਕਿੰਡ ਦੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਸੀ ਜਿਸ ਵਿਚ ਗੁਪਤਾ ਨੇ ਪ੍ਰਿਥਵੀ ਸਿੰਘ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਐੱਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਰਿਸ਼ਵਤ ਮੁਅੱਤਲ ਕੀਤੇ ਡਾਇਰੈਕਟਰ ਨੂੰ ਸੌਂਪੀ ਗਈ ਸੀ ਜਾਂ ਨਹੀਂ।

ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ, “ਬਿੰਦਲ ਦੂਜੇ ਵਿਅਕਤੀ (ਪ੍ਰਿਥਵੀ ਸਿੰਘ) ਦੇ ਕਰੀਬੀ ਸਨ, ਇਸ ਲਈ ਉਨ੍ਹਾਂ ਨੇ ਨੈਤਿਕ ਅਧਾਰ ‘ਤੇ ਅਸਤੀਫਾ ਦੇ ਦਿੱਤਾ।” ਬਿੰਦਲ ਦੇ 27 ਮਈ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਸਿਹਤ ਘੁਟਾਲੇ ਨੇ ਰਾਜਨੀਤਿਕ ਮੋੜ ਲੈ ਲਿਆ।

Previous articleਯੂਪੀ ਤੋਂ ਪੰਜਾਬ ’ਚ ਝੋਨਾ ਲਾਉਣ ਆਏ ਚਾਰ ਮਜ਼ਦੂਰਾਂ ਨੂੰ ਕਰੋਨਾ
Next articleਨਸਲੀ ਨਫ਼ਰਤ: ਅਮਰੀਕਾ ਸਣੇ ਪੂਰੀ ਦੁਨੀਆ ’ਚ ਮੁਜ਼ਾਹਰੇ