ਹਿਮਾਚਲ ਪ੍ਰਦੇਸ਼ ਵਿੱਚ ਰਾਜਧਾਨੀ ਸ਼ਿਮਲਾ ਸਣੇ ਕਈ ਥਾਵਾਂ ’ਤੇ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਸ਼ਨਿਚਰਵਾਰ ਦੱਸਿਆ ਕਿ ਕੁਫ਼ਰੀ, ਨਾਰਕੰਡਾ, ਖਿਰਕੀ, ਖਾਰਾਪੱਥਰ ’ਚ ਬਰਫ਼ਬਾਰੀ ਹੋਈ ਅਤੇ ਸੂਬੇ ਵਿੱਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਈ ਹੈ। ਸ਼ੁੱਕਰਵਾਰ ਰਾਤ ਹੋਈ ਬਰਫ਼ਬਾਰੀ ਅਤੇ ਮੀਂਹ ਪੈਣ ਨਾਲ ਸੂਬੇ ਵਿੱਚ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ। ਐੈੱਸ.ਪੀ. ਸ਼ਿਮਲਾ ਓਮਾਪਤੀ ਜੈਸਵਾਲ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਕੁਫ਼ਰੀ, ਨਾਰਕੰਡਾ, ਖਿਰਕੀ, ਖਾਰਾਪੱਥਰ ’ਚ ਰਾਤ ਨੂੰ ਹੋਈ ਬਰਫ਼ਬਾਰੀ ਮਗਰੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਮੌਸਮ ਵਿਭਾਗ ਵੱਲੋਂ ਦੱਸਿਆ ਕਿ ਸ਼ਨਿੱਚਰਵਾਰ ਬਾਅਦ ਦੁਪਿਹਰ ਕੌਮੀ ਰਾਜਧਾਨੀ ਦਿੱਲੀ ਵਿੱਚ ਕਈ ਥਾਈਂ ਗੜੇਮਾਰੀ ਹੋਈ। ਦਿੱਲੀ ਟਰੈਫਿਕ ਪੁਲੀਸ ਨੇ ਦੱਸਿਆ ਕਿ ਦਿੱਲੀ ਵਿੱਚ ਮੀਂਹ ਅਤੇ ਗੜਿਆਂ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਨਾਲ ਬਵਾਨਾ ਦੇ ਮਹਾਦੇਵ ਚੌਕ, ਆਜ਼ਾਦਪੁਰ ਫਲਾਈਓਵਰ, ਕਸ਼ਮੀਰੀ ਗੇਟ, ਪੰਜਾਬੀ ਬਾਗ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਰੋਡ ਆਦਿ ਤੇ ਹੋਰਨਾਂ ਸੜਕਾਂ ’ਤੇ ਜਾਮ ਲੱਗਾ ਰਿਹਾ।
ਇਸੇ ਦੌਰਾਨ ਡੀਐੱਸਪੀ ਟਰੈਫਿਕ ਪੁਲੀਸ (ਨੈਸ਼ਨਲ ਹਾਈਵੇਅ) ਅਜੇ ਆਨੰਦ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ’ਚ ਬੀਤੀ ਰਾਤ ਫਿਰ ਪਹਾੜੀਆਂ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ’ਤੇ ਆਵਾਜਾਈ ਲਗਾਤਾਰ ਤੀਜੇ ਦਿਨ ਵੀ ਬੰਦ ਰਹੀ। 270 ਕਿਲੋਮੀਟਰ ਲੰਬੇ ਇਸ ਮਾਰਗ ’ਤੇ ਸੈਂਕੜੇ ਵਾਹਨ ਫਸੇ ਹੋਏ ਹਨ ਅਤੇ ਰਸਤਾ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ।
INDIA ਹਿਮਾਚਲ ’ਚ ਬਰਫ਼ਬਾਰੀ ਨਾਲ ਸੀਤ ਲਹਿਰ ਚੱਲੀ