ਹਿਮਾਚਲ ’ਚ ਨਵੇਂ ਸਾਲ ਮੌਕੇ ਬਰਫ਼ਬਾਰੀ ਦੀ ਸੰਭਾਵਨਾ

ਸ਼ਿਮਲਾ/ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਸਾਲ 2019 ਦੇ ਆਖ਼ਰੀ ਦਿਨ, 31 ਦਸੰਬਰ ਨੂੰ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੈਦਾਨ ਤੇ ਨੀਵੇਂ ਪਹਾੜੀ ਇਲਾਕਿਆਂ ਵਿਚ ਜ਼ੋਰਦਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਰਾਜ ਦੇ ਬਹੁਤੇ ਹਿੱਸਿਆਂ ਵਿਚ ਅੱਜ ਮੌਸਮ ਠੰਢਾ ਤੇ ਖ਼ੁਸ਼ਕ ਰਿਹਾ। ਮੈਦਾਨ ਤੇ ਨੀਵੇਂ ਪਹਾੜੀ ਇਲਾਕਿਆਂ ਵਿਚ ਸੰਘਣੀ ਧੁੰਦ ਪਈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਊਨਾ ਤੇ ਕਾਂਗੜਾ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਪਈ। ਕੇਲੌਂਗ ਦਾ ਤਾਪਮਾਨ ਸਭ ਤੋਂ ਘੱਟ ਮਨਫ਼ੀ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਦਾ ਤਾਪਮਾਨ ਮਨਫ਼ੀ 2.6 ਅਤੇ ਕੁਫ਼ਰੀ ਦਾ ਤਾਪਮਾਨ ਮਨਫ਼ੀ 1 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜਦਕਿ ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਤੇ ਸ਼ਿਮਲਾ ਦਾ 2.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਵਿਚ ਵੀ ਅੱਜ ਕੜਾਕੇ ਦੀ ਠੰਢ ਪਈ ਤੇ ਕਈ ਥਾਈਂ ਸੰਘਣੀ ਧੁੰਦ ਵੀ ਪਈ। ਹਰਿਆਣਾ ਦਾ ਨਾਰਨੌਲ ਦੋਵਾਂ ਸੂਬਿਆਂ ਵਿਚ 3.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਠੰਢ ਦਾ ਦੌਰ 30 ਦਸੰਬਰ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।

Previous articleਪੰਜਾਬ ’ਚ ਠੰਢ ਨੇ ਦਹਾਕੇ ਦਾ ਰਿਕਾਰਡ ਤੋੜਿਆ
Next articleਝਾਰਖੰਡ: ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ