ਹਿਜ਼ਬੁਲ ਮੁਖੀ ਸਲਾਹੂਦੀਨ ਤੇ ਆਈਐੱਮ ਦੇ ਭਟਕਲ ਭਰਾ ‘ਦਹਿਸ਼ਤਗਰਦ’ ਐਲਾਨੇ

ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰ ਨੇ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸੱਯਦ ਸਲਾਹੂਦੀਨ ਤੇ ਇੰਡੀਅਨ ਮੁਜਾਹਿਦੀਨ ਦੇ ਬਾਨੀ ਭਟਕਲ ਭਰਾਵਾਂ ਸਮੇਤ 18 ਵਿਅਕਤੀਆਂ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂੲੇਪੀੲੇ) ਤਹਿਤ ‘ਦਹਿਸ਼ਤਗਰਦ’ ਐਲਾਨ ਦਿੱਤਾ ਹੈ। ਐਕਟ ਵਿਚਲੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਦਹਿਸ਼ਤਗਰਦਾਂ ਦੀ ਇਸ ਸੂਚੀ ਵਿੱਚ ਸਾਲ 1999 ਵਿੱਚ ਇੰਡੀਅਨ ਏਅਰਲਾਈਨ ਦੇ ਜਹਾਜ਼ ਨੂੰ ਅਗਵਾ ਕਰਨ ਵਾਲੇ ਅਬਦੁਲ ਰਾਊਫ਼ ਅਸਗਰ, ਇਬਰਾਹਿਮ ਅਤਹਰ ਤੇ ਯੂਸੁਫ਼ ਅਜ਼ਹਰ ਵੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਯੂੲੇਪੀਏ ਜਿਹੇ ਸਖ਼ਤ ਕਾਨੂੰਨ ਤਹਿਤ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਬਲਕਿ ਸਿਰਫ਼ ਦਹਿਸ਼ਤੀ ਜਥੇਬੰਦੀਆਂ ਨੂੰ ਹੀ ਮਨੋਨੀਤ ਕੀਤਾ ਜਾ ਸਕਦਾ ਸੀ, ਪਰ ਸੰਸਦ ਵੱਲੋਂ ਅਗਸਤ 2019 ਵਿੱਚ ਪਾਸ ਸੋਧੇ ਹੋਏ ਅਤਿਵਾਦ ਵਿਰੋਧੀ ਐਕਟ ਤਹਿਤ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਜਾਂ ਇਨ੍ਹਾਂ ਦਾ ਪ੍ਰਚਾਰ ਪਾਸਾਰ ਜਾਂ ਹੱਲਾਸ਼ੇਰੀ ਦੇਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੀ ‘ਦਹਿਸ਼ਤਗਰਦ’ ਐਲਾਨਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਐਕਟ ਦੀਆਂ ਸੋਧੀਆਂ ਹੋਈਆਂ ਵਿਵਸਥਾਵਾਂ ਤਹਿਤ ਪਿਛਲੇ ਸਾਲ ਸਤੰਬਰ ਵਿੱਚ ਚਾਰ ਜਦੋਂਕਿ ਇਸ ਸਾਲ ਜੁਲਾਈ ਵਿੱਚ 9 ਵਿਅਕਤੀਆਂ ਨੂੰ ਦਹਿਸ਼ਤਗਰਦ ਕਰਾਰ ਦਿੱਤਾ ਸੀ।

ਸਰਕਾਰ ਦੇ ਤਰਜਮਾਨ ਨੇ ਕਿਹਾ, ‘ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਅਤੇ ਅਤਿਵਾਦ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਾ ਕਰਨ ਦੀ ਆਪਣੀ ਨੀਤੀ ਤਹਿਤ ਮੋਦੀ ਸਰਕਾਰ ਨੇ ਯੂੲੇਪੀਏ ਐਕਟ ਦੀਆਂ ਵਿਵਸਥਾਵਾਂ ਤਹਿਤ 18 ਹੋਰ ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ।’ ਬੁਲਾਰੇ ਨੇ ਕਿਹਾ ਕਿ ਇਹ ਵਿਅਕਤੀ ਵਿਸ਼ੇਸ਼ ਸਰਹੱਦ ਪਾਰੋਂ ਹੁੰਦੀਆਂ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਸਨ ਤੇ ਉਨ੍ਹਾਂ ਨੇ ਮੁਲਕ ਨੂੰ ਅਸਥਿਰ ਕਰਨ ਲਈ ਯਤਨ ਕੀਤੇ।

ਸਰਕਾਰ ਵੱਲੋਂ ਐਲਾਨੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਪਾਕਿ ਆਧਾਰਿਤ ਲਸ਼ਕਰ-ਏ-ਤੋਇਬਾ ਦਾ ਸਿਖਰਲਾ ਕਮਾਂਡਰ ਤੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇਕ ਸਾਜਿਦ ਮੀਰ, ਲਸ਼ਕਰ ਕਮਾਂਡਰ ਯੂਸੁਫ਼ ਮੁਜ਼ੰਮਿਲ, ਲਸ਼ਕਰ ਮੁਖੀ ਹਾਫ਼ਿਜ਼ ਸਈਦ ਦਾ ਨਜ਼ਦੀਕੀ ਰਿਸ਼ਤੇਦਾਰ ਅਬਦੁਰ ਰਹਿਮਾਨ ਮੱਕੀ ਵੀ ਸ਼ਾਮਲ ਹਨ।

ਸੂਚੀ ਵਿੱਚ ਇੰਡੀਅਨ ਮੁਜਾਹਿਦੀਨ ਦੇ ਬਾਨੀ ਰਿਆਜ਼ ਇਸਮਾਈਲ ਸ਼ਾਹਬਾਂਦਰੀ ਊਰਫ਼ ਰਿਆਜ਼ ਭਟਕਲ ਅਤੇ ਮੁਹੰਮਦ ਇਕਬਾਲ ਊਰਫ਼ ਇਕਬਾਲ ਭਟਕਲ ਦਾ ਨਾਮ ਵੀ ਹੈ। ਭਟਕਲ ਭਰਾਵਾਂ ਵਜੋਂ ਮਕਬੂਲ ਇਨ੍ਹਾਂ ਦੋਵਾਂ ਦਾ ਜਰਮਨ ਬੇਕਰੀ(2010), ਚਿੰਨਾਸਵਾਮੀ ਸਟੇਡੀਅਮ ਬੰਗਲੌਰ (2010), ਜਾਮਾ ਮਸਜਿਦ (2010), ਸ਼ੀਤਲਾਘਾਟ(2010) ਤੇ ਮੁੰਬਈ(2011) ਵਿੱਚ ਹੋਏ ਦਹਿਸ਼ਤੀ ਹਮਲਿਆਂ ’ਚ ਹੱਥ ਸੀ। ਇਸ ਤੋਂ ਇਲਾਵਾ ਅੰਡਰਵਰਲਡ ਸਰਗਨੇ ਦਾਊਦ ਇਬਰਾਹਿਮ, ਜਿਸ ਨੂੰ ਯੂਐੱਨ ਨੇ ਆਲਮੀ ਦਹਿਸ਼ਤਗਰਦ ਐਲਾਨਿਆ ਹੋਇਆ ਹੈ, ਦੇ ਚਾਰ ਨੇੜਲੇ ਸਾਥੀਆਂ- ਸ਼ੇਖ ਸ਼ਕੀਲ ਉਰਫ਼ ਛੋਟਾ ਸ਼ਕੀਲ, ਮੁਹੰਮਦ ਅਨੀਸ ਸ਼ੇਖ, ਇਬਰਾਹਿਮ ਮੈਮਨ ਊਰਫ਼ ਟਾਈਗਰ ਮੈਮਨ ਅਤੇ ਜਾਵੇਦ ਚਿਕਨਾ ਦਾ ਨਾਮ ਵੀ ਸੂਚੀ ਵਿੱਚ ਹੈ।

ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤੋਇਬਾ ਦੀ ਮੂਹਰਲੀ ਜਥੇਬੰਦੀ ਫ਼ਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐੱਫਆਈਐੱਫ) ਦੇ ਉਪ ਮੁਖੀ ਸ਼ਾਹਿਦ ਮਹਿਮੂਦ ਉਰਫ਼ ਸ਼ਾਹਿਦ ਮਹਿਮੂਦ ਰਹਿਮਤੁੱਲ੍ਹਾ ਨੂੰ ਵੀ ਦਹਿਸ਼ਤਗਰਦ ਕਰਾਰ ਦਿੱਤਾ ਗਿਆ ਹੈ। ਸੂਚੀ ਵਿੱਚ ਸ਼ਾਮਲ ਹੋਰਨਾਂ ਵਿੱਚ ਫ਼ਰਹਤੁੱਲ੍ਹਾ ਘੋਰੀ ਊਰਫ਼ ਅਬੂ ਸੂਫੀਆਨ (ਸਾਲ 2002 ਵਿੱਚ ਗੁਜਰਾਤ ਦੇ ਅਕਸ਼ਰਧਾਮ ਮੰਦਿਰ ਦੇ ਹਮਲੇ ’ਚ ਸ਼ਾਮਲ), ਸਲਾਹੂਦੀਨ ਦਾ ਡਿਪਟੀ ਗੁਲਾਮ ਨਬੀ ਖ਼ਾਨ ਉਰਫ਼ ਆਮਿਰ ਖ਼ਾਨ, ਜੈਸ਼ ਕਮਾਂਡਰ ਸ਼ਾਹਿਦ ਲਤੀਫ਼ ਤੇ ਹਿਜ਼ਬੁਲ ਦਹਿਸ਼ਤਗਰਦ ਜ਼ਫ਼ਰ ਹੁਸੈਨ ਭੱਟ ਹਨ।

Previous articleTrump playing defence in must-win states as virus roars back
Next articleਕਰੋਨਾ: ਤਿੰਨ ਮਹੀਨਿਆਂ ਮਗਰੋਂ ਦੇਸ਼ ’ਚ 40 ਹਜ਼ਾਰ ਤੋਂ ਘਟੇ ਕਰੋਨਾ ਕੇਸ