ਸਿਰਸਾ (ਸਮਾਜਵੀਕਲੀ) – ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਅਤੇ ਹਰਿਆਣਾ ਪੁਲੀਸ ਨਾਲ ਮਿਲ ਕੇ ਕਸ਼ਮੀਰੀ ਦਹਿਸ਼ਤਗਰਦਾਂ ਅਤੇ ਨਸ਼ਾ ਤਸਕਰਾਂ ਦੀ ਗੰਢ-ਤੁੱਪ ਦਾ ਪਰਦਾਫ਼ਾਸ਼ ਕਰਦਿਆਂ ਮੁੱਖ ਮੁਲਜ਼ਮ ਰਣਜੀਤ ਸਿੰਘ ਰਾਣਾ ਉਰਫ਼ ਚੀਤਾ ਨੂੰ ਸਿਰਸਾ ਤੋਂ ਗ੍ਰਿਫ਼ਤਾਰ ਕੀਤਾ ਹੈ।
ਸਾਂਝੀ ਕਾਰਵਾਈ ਦੌਰਾਨ ਉਸ ਦੇ ਭਰਾ ਗਗਨਦੀਪ ਸਿੰਘ ਅਤੇ ਪਿੰਡ ਵੈਦਵਾਲਾ ਦੇ ਗੁਰਮੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨਾਲ ਮਿਲ ਕੇ ਪਾਕਿਸਤਾਨ ਤੋਂ ਪਹਾੜੀ ਲੂਣ ਦੀ ਆੜ ਹੇਠ ਨਸ਼ੇ ਦੀ ਤਸਕਰੀ ਹੁੰਦੀ ਸੀ। ਰਣਜੀਤ ਨੌਗਾਮ ਦੇ ਵਸਨੀਕ ਹਿਜ਼ਬੁਲ ਦਹਿਸ਼ਤਗਰਦ ਹਿਲਾਲ ਅਹਿਮਦ ਵਾਗੇ ਵੱਲੋਂ ਚਲਾਏ ਜਾ ਰਹੇ ਨੈੱਟਵਰਕ ’ਚ ਸ਼ਾਮਲ ਸੀ।
ਵਾਗੇ ਨੂੰ ਦਹਿਸ਼ਤੀ ਸਰਗਰਮੀਆਂ ਲਈ 29 ਲੱਖ ਰੁਪਏ ਦੀ ਰਕਮ ਨਾਲ 25 ਅਪਰੈਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਪੁਲਵਾਮਾ ’ਚ ਮਾਰੇ ਗਏ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਨੂੰ ਅਤਿਵਾਦੀ ਭਰਤੀ ਕਰਨ ਲਈ ਭੇਜੇ ਜਾਣੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਐਵੇਨਿਊ ਦੇ ਬਿਕਰਮ ਸਿੰਘ ਨੇ ਹਿਲਾਲ ਨੂੰ ਰਕਮ ਪਹੁੰਚਾਈ ਸੀ। ਉਸ ਨੂੰ ਭਰਾ ਮਨਿੰਦਰ ਸਿੰਘ ਨਾਲ 5 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਹਾਂ ਦੀ ਪੁੱਛ-ਗਿੱਛ ਤੋਂ ਖ਼ੁਲਾਸਾ ਹੋਇਆ ਕਿ ਇਕਬਾਲ ਸਿੰਘ (ਸ਼ੇਰਾ) ਅਤੇ ਰਣਜੀਤ ਸਿੰਘ ਨੇ ਹੀ ਵਾਗੇ ਨੂੰ ਪੈਸਾ ਦੇਣ ਲਈ ਦਿੱਤਾ ਸੀ।
ਐੱਨਆਈਏ, ਪੰਜਾਬ ਅਤੇ ਹਰਿਆਣਾ ਪੁਲੀਸ ਦੀ ਸਾਂਝੀ ਟੀਮ ਨੇ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲੀਸ ਅਤੇ ਐੱਨਆਈਏ ਦੀ ਟੀਮ ਨੂੰ ਰਣਜੀਤ ਸਿੰਘ ਉਰਫ਼ ਚੀਤਾ ਦੇ ਸਿਰਸਾ ਵਿੱਚ ਲੁਕੇ ਹੋਣ ਦੀ ਸੂਹ ਮਿਲੀ ਸੀ। ਉਨ੍ਹਾਂ ਸਿਰਸਾ ਪੁਲੀਸ ਨਾਲ ਸੰਪਰਕ ਕਰਕੇ ਅੱਜ ਸੁਵਖ਼ਤੇ ਬੇਗੂ ਰੋਡ ’ਤੇ ਛਾਪਾ ਮਾਰ ਕੇ ਰਣਜੀਤ ਸਿੰਘ ਅਤੇ ਉਸ ਦੇ ਭਰਾ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਪਿੰਡ ਵੈਦਵਾਲਾ ਤੋਂ ਗੁਰਮੀਤ ਸਿੰਘ ਨੂੰ ਫੜਿਆ ਗਿਆ।
ਸਿਰਸਾ ਦੇ ਐੱਸਪੀ ਡਾਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਚਿੱਟੇ ਦੀ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਮਨਿੰਦਰ ਅਤੇ ਵਿਕਰਮ ਤੋਂ ਸੂਹ ਮਿਲੀ ਸੀ ਕਿ ਹੈਰੋਇਨ ਦਾ ਤਸਕਰ ਰਣਜੀਤ ਸਿੰਘ ਅਤੇ ਉਸ ਦਾ ਭਰਾ ਸਿਰਸਾ ਵਿੱਚ ਲੁਕੇ ਹੋਏ ਹਨ ਜਿਸ ਮਗਰੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਪਿਛਲੇ ਅੱਠ ਮਹੀਨਿਆਂ ਤੋਂ ਸਿਰਸਾ ਵਿੱਚ ਰਹਿ ਰਿਹਾ ਸੀ।
ਗੁਰਮੀਤ ਸਿੰਘ ਦੀ ਆਈਡੀ ’ਤੇ ਮਕਾਨ ਕਿਰਾਏ ’ਤੇ ਲਿਆ ਗਿਆ ਸੀ ਜਿਥੇ ਉਹ ਪਿਤਾ ਤੇ ਭਰਾ ਨਾਲ ਰਹਿ ਰਿਹਾ ਸੀ। ਐੱਸਪੀ ਨੇ ਦੱਸਿਆ ਕਿ ਰਣਜੀਤ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਪੰਜਾਬ ਪੁਲੀਸ ਨੂੰ ਲੋੜੀਂਦਾ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।