ਦਿਨ ਪੁਰ ਦਿਨ ਹਾਲਾਤ, ਬਿਗੜਦੇ ਜਾਂਦੇ ਨੇ
ਸੋਚਾਂ ਵਿਚ ਦਿਨ ਰਾਤ, ਬਿਗੜਦੇ ਜਾਂਦੇ ਨੇ
ਹਸਪਤਾਲੀਂ ਚੀਕ ਚਿਹਾੜੇ
ਜ਼ਿੰਦਗੀ ਮੌਤ ਦੇ ਕੱਢਦੀ ਹਾੜੇ
ਕਾਬੂ ਨਹੀਂ ਜ਼ਜ਼ਬਾਤ, ਬਿਗੜਦੇ ਜਾਂਦੇ ਨੇ
ਗੋਡੇ ਟੇਕੇ ਧਾਕੜ ਦੇਸ਼ਾਂ
ਹਾਹਾਕਾਰ ਹੈ ਵਿਚ ਪਰਦੇਸਾਂ
ਮਿਲਦੀ ਨਹੀਂ ਨਿਜ਼ਾਤ, ਬਿਗੜਦੇ ਜਾਂਦੇ ਨੇ
ਮੌਤ ਦਾ ਤਾਂਡਵ ਸਿਰ ਤੇ ਨੱਚੇ
ਸਾਇੰਸ ਖੜ•ੀ ਇਕ ਪਾਸੇ ਤੱਕੇ
ਨਾਸਾ ਨੂੰ ਪਈ ਮਾਤ , ਬਿਗੜਦੇ ਜਾਂਦੇ ਨੇ
ਕੁਦਰਤ ਦੇ ਸੰਗ ਖੇਡੀਆਂ ਖੇਡਾਂ
ਬੰਦੇ ਦੀ ਬਲੀ ਬੱਕਰੀ ਭੇਡਾਂ
ਫਿਕਰਾਂ ਵਿਚ ਕਾਇਨਾਤ, ਬਿਗੜਦੇ ਜਾਂਦੇ ਨੇ
ਚਾਰ ਚੁਫੇਰਿਓ ਬੁਰੀਆਂ ਖ਼ਬਰਾਂ
ਜੱਗ ਜਿਉਂਦੇ ਜੀਅ ਬਣਿਆਂ ਕਬਰਾਂ
ਕਰੀਏ ਕੀ ਗੱਲਬਾਤ, ਬਿਗੜਦੇ ਜਾਂਦੇ ਨੇ
ਜਿੰਦਗੀ ਡਰਕੇ ਅੰਦਰ ਵੜ ਗਈ
ਲੱਗਦਾ ਸੂਈ ਸਮੇਂ ਦੀ ਖੜ• ਗਈ
ਮੌਤ ਨੇ ਲਾਈ ਘਾਤ, , ਬਿਗੜਦੇ ਜਾਂਦੇ ਨੇ
ਕੀ ਹੋਇਆ ਕੀ ਹੋਣਾ ਅੱਗੇ
‘ਚੁੰਬਰਾ’ ਕੋਈ ਵੀ ਭੇਦ ਨਾ ਲੱਗੇ
ਹੁੰਦਾ ਨਹੀਂ ਬਿਖਿਆਤ , ਬਿਗੜਦੇ ਜਾਂਦੇ ਨੇ
ਵਲੋਂ: ਕੁਲਦੀਪ ਚੁੰਬਰ
ਸ਼ਾਮਚੁਰਾਸੀ, ਹੁਸ਼ਿਆਰਪੁਰ
98151-37254