ਲਾਹੌਰ(ਸਮਾਜ ਵੀਕਲੀ): ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਸਰਗਨੇ ਹਾਫ਼ਿਜ਼ ਸਈਦ ਦੀ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਤਿੰਨ ਆਗੂਆਂ ਨੂੰ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸਈਦ ਦੇ ਰਿਸ਼ਤੇਦਾਰ ਹਾਫ਼ਿਜ਼ ਅਬਦੁਰ ਰਹਿਮਾਨ ਮੱਕੀ, ਜਮਾਤ-ਉਦ-ਦਾਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਅਤੇ ਜ਼ਫ਼ਰ ਇਕਬਾਲ ਨੂੰ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅੱਜ ਸੁਣਾਈ ਗਈ ਇਸ ਸਜ਼ਾ ਨਾਲ ਮੁਜਾਹਿਦ ਤੇ ਇਕਬਾਲ ਦੀ ਕੁੱਲ ਕੈਦ ਲੜੀਵਾਰ 80 ਤੇ 56 ਸਾਲ ਹੋ ਗਈ ਹੈ। ਉਨ੍ਹਾਂ ਖ਼ਿਲਾਫ਼ ਆਇਆ ਇਹ ਫ਼ੈਸਲਾ, ਪੰਜਾਬ ਪੁਲੀਸ ਦੇ ਅਤਿਵਾਦ ਦੇ ਮੁਕਾਬਲੇ ਲਈ ਬਣਾਏ ਗਏ ਵਿਭਾਗ ਵੱਲੋਂ ਦਰਜ ਕੀਤੇ ਗਏ ਦਹਿਸ਼ਤੀ ਫ਼ੰਡਿੰਗ ਸਬੰਧੀ ਕੇਸਾਂ ਦੇ ਨਾਲ-ਨਾਲ ਚੱਲੇਗਾ। ਜੱਜ ਵੱਲੋਂ ਫ਼ੈਸਲਾ ਸੁਣਾਏ ਜਾਣ ਵੇਲੇ ਤਿੰਨੋਂ ਦੋਸ਼ੀ ਅਦਾਲਤ ਵਿੱਚ ਹਾਜ਼ਰ ਸਨ।