ਹਾਦਸੇ ਵਿੱਚ ਮਰੇ ਨੌਜਵਾਨ ਕਾਰਨ ਸਿਆਲਬਾ ਵਾਸੀ ਭੜਕੇ

ਕੁਰਾਲੀ (ਸਮਾਜਵੀਕਲੀ) :  ਪਿੰਡ ਸਿਆਲਬਾ-ਮਾਜਰੀ ਸੜਕ ’ਤੇ ਹਾਦਸੇ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਭੜਕੇ ਸਿਆਲਬਾ ਵਾਸੀਆਂ ਨੇ ਮਾਜਰੀ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਹਾਦਸੇ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੁਲੀਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ।

ਜਾਣਕਾਰੀ ਅਨੁਸਾਰ ਸਿਆਬਲਾ ਵਾਸੀ ਨੌਜਵਾਨ ਪਰਮਜੀਤ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਸੜਕ ’ਤੇ ਸੈਰ ਕਰ ਰਿਹਾ ਸੀ ਕਿ ਬੋਲੈਰੋ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਵਿੱਚ ਪਰਮਜੀਤ ਸਿੰਘ ਦੀ ਪੀਜੀਆਈ ਵਿਚ ਮੌਤ ਹੋ ਗਈ। ਪਿੰਡ ਵਾਸੀਆਂ ਨੇ ਅੱਜ ਥਾਣਾ ਮਾਜਰੀ ਨੂੰ ਘੇਰਦਿਆਂ ਹਾਦਸੇ ਨੂੰ ਅੰਜਾਮ ਦੇਣ ਵਾਲੀ ਗੱਡੀ ਵਿੱਚ ਸਵਾਰ ਦੋਵੇਂ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਇਨਸਾਫ਼ ਨਾ ਮਿਲਣ ਤੱਕ ਮ੍ਰਿਤਕ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ।

ਪਰਮਜੀਤ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੋਲੈਰੋ ਸਵਾਰ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਸਵਾਰਾਂ ਨੂੰ ਮੌਕੇ ’ਤੇ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਪੁਲੀਸ ਨੇ ਕੇਵਲ ਇੱਕ ਨੌਜਵਾਨ ਖ਼ਿਲਾਫ਼ ਹੀ ਕਾਰਵਾਈ ਕੀਤੀ ਜਦਕਿ ਦੂਜੇ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਪੁਲੀਸ ਦੀ ਵਰਦੀ ਵੀ ਪਈ ਸੀ। ਮੁਜ਼ਾਹਰਾਕਾਰੀਆਂ ਨੇ ਪੁਲੀਸ ਅਤੇ ਪ੍ਰਸ਼ਾਸਨ ਤੋਂ ਗੱਡੀ ਵਿੱਚ ਸਵਾਰ ਦੋਵੇਂ ਜਣਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Previous articleਮੁਬਾਰਿਕਪੁਰ ਵਿੱਚ ਪੰਜ ਬੱਚਿਆਂ ਸਣੇ ਅੱਠ ਕੇਸ ਪਾਜ਼ੇਟਿਵ
Next articleUK COVID-19 deaths rise to 41,662