ਹਾਦਸੇ ਨੇ ਲਈ ਦੋ ਵਿਅਕਤੀਆਂ ਦੀ ਜਾਨ

ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਇੱਕ ਜੁਗਾੜ ਰੇਹੜੇ ਦੇ ਟੂਰਿਸਟ ਬੱਸ ਨਾਲ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਿਵ ਕੁਮਾਰ ਪੁੱਤਰ ਲੇਖ ਰਾਜ ਉਮਰ ਕਰੀਬ 18 ਸਾਲ, ਮੇਵਾ ਰਾਮ ਪੁੱਤਰ ਮੋਰ ਸਿੰਘ ਉਮਰ ਕਰੀਬ 19 ਸਾਲ ਦੋਵੇਂ ਵਾਸੀ ਸਿਊਬਾ ਕਲਾਂ ਥਾਣਾ ਉਮੈਤੀ ਜ਼ਿਲ੍ਹਾ ਬਦਾਊਂ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਸਾਹਿਬਾ (ਸ਼ਹੀਦ ਭਗਤ ਸਿੰਘ ਨਗਰ) ਜੋ ਮੋਟਰਸਾਈਕਲ ’ਤੇ ਆਪ ਬਣਾਏ ਹੋਏ ਰੇਹੜੇ ’ਤੇ ਸਵਾਰ ਹੋ ਕੇ ਬਲਾਚੌਰ ਵੱਲੋਂ ਗੜ੍ਹਸ਼ੰਕਰ ਸਬਜ਼ੀ ਮੰਡੀ ਵੱਲ ਜਾ ਰਹੇ ਸਨ ਕਿ ਪਿੰਡ ਪਨਾਮ ਦੇ ਕੋਲਡ ਸਟੋਰ ਨਜ਼ਦੀਕ ਗੜ੍ਹਸ਼ੰਕਰ ਵੱਲੋਂ ਬਲਾਚੌਰ ਵੱਲ ਜਾ ਰਹੀ ਟੂਰਿਸਟ ਬੱਸ ਨਾਲ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਜਣਿਆਂ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਪੁਲੀਸ ਚੌਕੀ ਸਮੁੰਦੜਾ ਦੇ ਇੰਚਾਰਜ ਸਤਵਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਪੁਲੀਸ ਚੌਕੀ ਸਮੁੰਦੜਾ ਦੇ ਇੰਚਾਰਜ ਸਤਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪ੍ਰਾਪਤ ਵੇਰਵੇ ਅਨੁਸਾਰ ਇਹ ਦੋਵੇਂ ਰੇਹੜਾ ਸਵਾਰ ਗੜ੍ਹਸ਼ੰਕਰ ਮੰਡੀ ਵੱਲ ਸਾਮਾਨ ਲੈਣ ਲਈ ਜਾ ਰਹੇ ਸਨ।
ਤੜਕਸਾਰ ਵਾਪਰੇ ਹਾਦਸੇ ਮੌਕੇ ਕਿਸੇ ਨੇ ਬੱਸ ਦਾ ਨੰਬਰ ਨੋਟ ਕਰਕੇ ਦੱਸਿਆ ਜੋ ਟੁਰਿਸਟ ਬੱਸ ਦਾ ਨੰਬਰ ਯੂਪੀ 22 ਟੀ 9404 ਹੈ। ਜੋ ਕਿ ਅਜੇ ਗ੍ਰਿਫਤ ਤੋਂ ਬਾਹਰ ਹੈ ਪਰ ਪੁਲੀਸ ਨੇ ਆਪਣੀ ਕਾਰਵਾਈ ਸ਼ੁਰੂ ਕਰਕੇ ਬੱਸ ਨੂੰ ਕਾਬੂ ਕਰ ਲਿਆ ਸੀ ਤੇ ਡਰਾਈਵਰ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਈਆਂ ਗਈਆਂ ਜਿਨ੍ਹਾਂ ਨੂੰ ਗੜ੍ਹਸ਼ੰਕਰ ਮੌਰਚਰੀ ਵਿੱਚ ਰੱਖਣਾ ਸੀ ਪਰ ਮੌਰਚਰੀ ਖਰਾਬ ਹੋਣ ਕਾਰਨ ਇਨ੍ਹਾਂ ਨੂੰ ਨਵਾਂਸ਼ਹਿਰ ਕਿਸੇ ਪ੍ਰਾਈਵੇਟ ਮੌਰਚਰੀ ਵਿੱਚ ਰੱਖਿਆ ਗਿਆ ਹੈ।

Previous articleਅਹਿਮਦ ਪਟੇਲ ਬਣੇ ਕਾਂਗਰਸ ਦੇ ਖ਼ਜ਼ਾਨਚੀ
Next articleਹਾਕੀ: ਭਾਰਤੀ ਮਹਿਲਾ ਟੀਮ ਨੇ ਕਜ਼ਾਖ਼ਸਤਾਨ ਨੂੰ 21-0 ਗੋਲਾਂ ਨਾਲ ਹਰਾਇਆ