ਫ਼ੌਜ ਦੀ ਵੈਨ ਨਾਲ ਟਕਰਾਿੲਆ ਟਰਾਲਾ; ਗੋਨਿਆਣਾ ਨੇੜੇ ਪਲਟੀ ਬੱਸ
ਬਠਿੰਡਾ– ਪੰਜਾਬ ਵਿੱਚ ਅੱਜ ਵੱਖ ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਤਿੰਨ ਫੌਜੀ ਜਵਾਨਾਂ ਸਮੇਤ 7 ਵਿਅਕਤੀ ਮਾਰੇ ਗਏ ਅਤੇ ਡੇਢ ਦਰਜਨ ਤੋਂ ਵਧ ਜ਼ਖ਼ਮੀ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਪਹਿਲਾ ਹਾਦਸਾ ਅੱਜ ਸ਼ਾਮ 5 ਵਜੇ ਦੇ ਕਰੀਬ ਬਠਿੰਡਾ ਅੰਮਿ੍ਤਸਰ ਕੌਮੀ ਸ਼ਾਹਰਾਹ ’ਤੇ ਗੋਨਿਆਣਾ ਨੇੜੇ ਵਾਪਰਿਆ, ਜਿਥੇ ਨਿੱਜੀ ਕੰਪਨੀ ਗਰੀਨ ਰੋਡਵੇਜ਼ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦਾ ਪਤਾ ਲੱਗਦੇ ਹੀ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਅਤੇ ਐਸ.ਐਸ.ਪੀ. ਬਠਿੰਡਾ ਡਾ. ਨਾਨਕ ਸਿੰਘ ਤੁਰਤ ਮੌਕੇ ’ਤੇ ਪੁੱਜੇ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਗਰੀਨ ਰੋਡਵੇਜ਼ ਦੀ ਬੱਸ ਜੋ ਫਰੀਦਕੋਟ ਵੱਲ ਜਾ ਰਹੀ ਸੀ, ਜਿਵੇਂ ਹੀ ਗੋਨਿਆਣਾ ਖ਼ੁਰਦ ਨੇੜੇ ਪੁੱਜੀ ਤਾਂ ਦੂਜੇ ਪਾਸਿਓਂ ਇਕ ਕਾਰ ਮੋਟਰਸਾਈਕਲ ਚਾਲਕ ਨੂੰ ਬਚਾਉਂਦਿਆਂ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਬੱਸ ਨਾਲ ਟਕਰਾ ਗਈ। ਬੱਸ ਡਰਾਈਵਰ ਵੀ ਆਪਣਾ ਸੰਤੁਲਨ ਗੁਆ ਬੈਠਾ ਤੇ ਸਵਾਰੀਆਂ ਦੀ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਲੋਕਾਂ ਦਾ ਚੀਕ ਚਿਹਾੜਾ ਸੁਣ ਕੇ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਨੇ ਸਵਾਰੀਆਂ ਨੂੰ ਬੱਸ ਵਿਚੋਂ ਕੱਢਿਆ ਤੇ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ, ਜਿਥੇ ਚਾਰ ਜਣਿਆਂ ਦੀ ਮੌਤ ਹੋ ਗਈ। ਿੲਸ ਹਾਦਸੇ ’ਚ ਕਾਰ ਸਵਾਰ ਵੀ ਜ਼ਖ਼ਮੀ ਹੋਏ ਹਨ। ਮਿ੍ਤਕਾਂ ਵਿੱਚ ਗੁਰਦਿੱਤ ਸਿੰਘ (35) ਪੁੱਤਰ ਮਲਕੀਤ ਸਿੰਘ, ਮਿਅੰਕ ਅਰੋੜਾ (34) ਪੁੱਤਰ ਰਾਜਿੰਦਰ ਅਰੋੜਾ ਵਾਸੀ ਕੋਟਕਪੁਰਾ, ਅਮਨਦੀਪ ਕੌਰ (25) ਪਤਨੀ ਲਛਮਣ ਸਿੰਘ ਵਾਸੀ ਪਿੰਡ ਬੁਰਜ ਖਰੋੜ ਅਤੇ ਮਨਿੰਦਰ (10) ਵਾਸੀ ਪਿੰਡ ਫੁੱਲੋ ਮਿੱਠੀ ਸ਼ਾਮਲ ਹਨ।
ਇਸੇ ਤਰ੍ਹਾਂ ਸਥਾਨਕ ਅਬੋਹਰ ਰੋਡ ‘ਤੇ ਤਹਿਸੀਲ ਕੰਪਲੈਕਸ ਨੇੜੇ ਬੁੱਧਵਾਰ ਦੇਰ ਰਾਤ ਇੱਕ ਟਰਾਲਾ ਫੌਜੀ ਐਂਬੂਲੈਂਸ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 3 ਫੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਥਾਣਾ ਕਬਰਵਾਲਾ ਵਿੱਚ ਤਾਇਨਾਤ ਸਿਪਾਹੀ ਗੁਰਲਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਬੁੱਧਵਾਰ ਦੇਰ ਰਾਤ ਡਿਊਟੀ ਖ਼ਤਮ ਕਰ ਕੇ ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਉਸਦੇ ਅੱਗੇ ਜਾ ਰਿਹਾ ਟਰਾਲਾ (ਪੀਬੀ 05 ਏਬੀ 9583) ਅਬੋਹਰ ਵੱਲੋਂ ਆ ਰਹੀ ਫੌਜੀਆਂ ਦੀ ਐਂਬੂਲੈਂਸ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ ਪਾਂਡਿਆਨ ,ਡਰਾਈਵਰ ਬੀ.ਐਸ ਪਾਲ ਅਤੇ ਰਾਈਫ਼ਲ ਮੈਨ ਦਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰਤ ਮਲੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ ਪਾਂਡਿਅਨ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਬੀ.ਐਸ ਪਾਲ ਅਤੇ ਰਾਈਫ਼ਲਮੈਨ ਦਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਫੌਜੀ ਹਸਪਤਾਲ ਰੈਫਰ ਕੀਤਾ ਗਿਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਇਸ ਹਾਦਸੇ ’ਚ ਇਕ ਢੱਠਾ ਵੀ ਮਾਰਿਆ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।