ਲਖਨਊ (ਸਮਾਜ ਵੀਕਲੀ) : ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ’ਚ ਅੱਜ ਹਾਥਰਸ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਦੋ ਨਵੰਬਰ ’ਤੇ ਪਾ ਦਿੱਤੀ ਹੈ। ਜਸਟਿਸ ਪੰਕਜ ਮਿੱਤਲ ਤੇ ਜਸਟਿਸ ਰਾਜਨ ਰੌਇ ਦੇ ਬੈਂਚ ਨੇ ਬਾਅਦ ਦੁਪਹਿਰ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਤੇ ਇਸ ਦੌਰਾਨ ਪੀੜਤ ਪਰਿਵਾਰ ਅਦਾਲਤ ’ਚ ਮੌਜੂਦ ਰਿਹਾ। ਉਨ੍ਹਾਂ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ, ਡੀਜੀਪੀ, ਏਡੀਜੀਪੀ ਦੇ ਨਾਲ ਨਾਲ ਹਾਥਰਸ ਦੇ ਜ਼ਿਲ੍ਹਾ ਅਧਿਕਾਰੀ ਤੇ ਪੁਲੀਸ ਮੁਖੀ ਵੀ ਅਦਾਲਤ ’ਚ ਹਾਜ਼ਰ ਸਨ।
ਹਾਥਰਸ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਨ ਕੁਮਾਰ ਲਕਸ਼ਕਾਰ ਨੇ ਅਦਾਲਤ ਨੂੰ ਦੱਸਿਆ ਕਿ ਕਥਿਤ ਜਬਰ-ਜਨਾਹ ਪੀੜਤਾ ਦੀ ਲਾਸ਼ ਦਾ ਰਾਤ ਸਮੇਂ ਸਸਕਾਰ ਕਰਨ ਦਾ ਫ਼ੈਸਲਾ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਲਿਆ ਗਿਆ ਸੀ ਤੇ ਅਜਿਹਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ’ਤੇ ਸੂਬਾਈ ਅਥਾਰਿਟੀਆਂ ਦਾ ਕੋਈ ਦਬਾਅ ਨਹੀਂ ਸੀ। ਇਸ ਤੋਂ ਪਹਿਲਾਂ ਹਾਥਰਸ ਮਾਮਲੇ ’ਚ ਜਾਨ ਗੁਆਉਣ ਵਾਲੀ 19 ਸਾਲਾ ਦਲਿਤ ਲੜਕੀ ਦੇ ਮਾਪਿਆਂ ਸਮੇਤ ਪੰਜ ਪਰਿਵਾਰਕ ਮੈਂਬਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ ਛੇ ਵਜੇ ਹਾਥਰਸ ਤੋਂ ਲਖਨਊ ਰਵਾਨਾ ਹੋਏ ਤੇ ਬਾਅਦ ਦੁਪਹਿਰ ਅਦਾਲਤ ਪਹੁੰਚੇ।
ਉੱਧਰ ਹਾਥਰਸ ਮਾਮਲੇ ’ਚ ਕੇਸ ਦਰਜ ਕਰਨ ਤੋਂ ਇੱਕ ਦਿਨ ਬਾਅਦ ਅੱਜ ਸੀਬੀਆਈ ਦੀ ਟੀਮ ਉੱਤਰ ਪ੍ਰਦੇਸ਼ ਪੁਲੀਸ ਤੋਂ ਕੇਸ ਦੇ ਸਾਰੇ ਦਸਤਾਵੇਜ਼ ਇਕੱਠੇ ਕਰਨ ਲਈ ਹਾਥਰਸ ਪਹੁੰਚੀ। ਇਸੇ ਦੌਰਾਨ ਸੀਬੀਆਈ ਨੇ ਪਹਿਲਾਂ ਹਾਥਰਸ ਮਾਮਲੇ ਦੀ ਐੱਫਆਈਆਰ ਆਪਣੀ ਵੈੱਬਸਾਈਟ ’ਤੇ ਪਾਈ ਪਰ ਕੁਝ ਹੀ ਘੰਟਿਆਂ ਮਗਰੋਂ ਇਸ ਨੂੰ ਹਟਾ ਲਿਆ। ਦੂਜੇ ਪਾਸੇ ਯੂਪੀ ਪੁਲੀਸ ਵੱਲੋਂ ਪੌਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਮਥੁਰਾ ਤੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੈਂਬਰਾਂ ਤੋਂ ਈਡੀ ਵੱਲੋਂ ਹੁਣ ਜੇਲ੍ਹ ’ਚ ਪੁੱਛ-ਪੜਤਾਲ ਕੀਤੀ ਜਾਵੇਗੀ।