ਕਪਤਾਨ ਰਾਣੀ ਰਾਮਪਾਲ ਦੀ ਹੈਟ੍ਰਿਕ ਦੇ ਸਹਾਰੇ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਅੱਜ 18ਵੀਆਂ ਏਸ਼ਿਆਈ ਖੇਡਾਂ ਦੀ ਮਹਿਲਾ ਹਾਕੀ ਮੁਕਾਬਲੇ ਵਿੱਚ ਥਾਈਲੈਂਡ ਨੂੰ 5-0 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪਹਿਲੇ ਦੋ ਕੁਆਰਟਰ ਵਿੱਚ ਕੋਈ ਗੋਲ ਨਾ ਹੋਣ ਮਗਰੋਂ ਭਾਰਤੀ ਖਿਡਾਰੀਆਂ ਨੇ ਹਾਫ਼ ਮਗਰੋਂ ਪੰਜ ਗੋਲ ਦਾਗ਼ੇ।
ਇਨ੍ਹਾਂ ਵਿੱਚ ਰਾਣੀ (37ਵੇਂ, 46ਵੇਂ ਅਤੇ 56ਵੇਂ ਮਿੰਟ), ਮੋਨਿਕਾ (52ਵੇਂ ਮਿੰਟ) ਅਤੇ ਨਵਜੋਤ ਕੌਰ (55ਵੇਂ ਮਿੰਟ) ਦੇ ਗੋਲ ਸ਼ਾਮਲ ਹਨ। ਲਗਾਤਾਰ ਚੌਥਾ ਮੈਚ ਜਿੱਤਣ ਮਗਰੋਂ ਭਾਰਤੀ ਮਹਿਲਾ ਟੀਮ 12 ਅੰਕ ਪ੍ਰਾਪਤ ਕਰਕੇ ਪੂਲ ‘ਬੀ’ ਵਿੱਚ ਚੋਟੀ ’ਤੇ ਰਹੀ, ਜਦਕਿ ਦੱਖਣੀ ਕੋਰੀਆ ਦੂਜੇ ਸਥਾਨ ’ਤੇ ਹੈ।
ਰਾਣੀ ਰਾਮਪਾਲ ਦੀ ਅਗਵਾਈ ਵਿੱਚ ਮਹਿਲਾ ਟੀਮ ਨੇ ਹੁਣ ਤੱਕ ਚਾਰ ਮੈਚਾਂ ਵਿੱਚ 38 ਗੋਲ ਕੀਤੇ ਹਨ ਅਤੇ ਉਸ ਖ਼ਿਲਾਫ਼ ਸਿਰਫ਼ ਇੱਕ ਗੋਲ ਹੋਇਆ ਹੈ। ਇੰਡੋਨੇਸ਼ੀਆ ਨੂੰ 8-0, ਕਜ਼ਾਖ਼ਸਤਾਨ ਨੂੰ 21-0, ਮੌਜੂਦਾ ਚੈਂਪੀਅਨ ਕੋਰੀਆ ਨੂੰ 4-1 ਗੋਲਾਂ ਨਾਲ ਹਰਾਉਣ ਮਗਰੋਂ ਭਾਰਤੀ ਟੀਮ ਨੇ ਇੰਡੋਨੇਸ਼ੀਆ ਨੂੰ 5-0 ਗੋਲਾਂ ਨਾਲ ਚਿੱਤ ਕੀਤਾ ਹੈ।
ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਪਹਿਲੇ ਕੁਆਰਟਰ ਦੇ ਪਹਿਲੇ ਕੁੱਝ ਮਿੰਟ ਵਿੱਚ ਗੇਂਦ ਜ਼ਿਆਦਾਤਰ ਸਮਾਂ ਥਾਈਲੈਂਡ ਕੋਲ ਰਹੀ, ਪਰ ਪੰਜਵੇਂ ਮਿੰਟ ਵਿੱਚ ਭਾਰਤ ਨੂੰ ਗੋਲ ਕਰਨ ਦਾ ਮੌਕਾ ਮਿਲਿਆ। ਰਾਣੀ ਇਸ ਨੂੰ ਗੋਲ ਵਿੱਚ ਬਦਲਣ ਤੋਂ ਖੁੰਝ ਗਈ। ਦੂਜੇ ਕੁਆਰਟਰ ਵਿੱਚ ਵੀ ਕੋਈ ਗੋਲ ਨਹੀਂ ਹੋ ਸਕਿਆ। ਥਾਈਲੈਂਡ ਨੇ ਭਾਰਤੀ ਟੀਮ ਨੂੰ ਹਾਫ਼ ਤੱਕ ਗੋਲ ਕਰਨ ਤੋਂ ਰੋਕੀਂ ਰੱਖਿਆ। ਰਾਣੀ ਨੇ 37ਵੇਂ ਮਿੰਟ ਵਿੱਚ ਜਾ ਕੇ ਥਾਈਲੈਂਡ ਦੇ ਡਿਫੈਂਸ ਨੂੰ ਤੋੜਦਿਆਂ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਤੀਜੇ ਕੁਆਰਟਰ ਦੀ ਸਮਾਪਤੀ ਤੱਕ ਭਾਰਤ ਇੱਕ ਗੋਲ ਨਾਲ ਅੱਗੇ ਚੱਲ ਰਿਹਾ ਸੀ।
ਭਾਰਤੀ ਟੀਮ ਨੇ ਜਿਸ ਤਰ੍ਹਾਂ ਚੈਂਪੀਅਨ ਕੋਰੀਆ ਖ਼ਿਲਾਫ਼ ਪਿਛਲੇ ਮੈਚ ਵਿੱਚ ਆਖ਼ਰੀ ਸੱਤ ਮਿੰਟ ਵਿੱਚ ਤਿੰਨ ਗੋਲ ਕੀਤੇ ਸਨ, ਉਸੇ ਤਰ੍ਹਾਂ ਇਸ ਮੁਕਾਬਲੇ ਵਿੱਚ ਉਸ ਨੇ ਆਖ਼ਰੀ ਕੁਆਰਟਰ ਵਿੱਚ ਚਾਰ ਗੋਲ ਦਾਗ਼ੇ। ਰਾਣੀ ਨੇ 46ਵੇਂ ਮਿੰਟ ਵਿੱਚ ਭਾਰਤ ਦਾ ਦੂਜਾ ਗੋਲ ਕੀਤਾ। ਮੋਨਿਕਾ ਨੇ 52ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 3-0 ਕਰ ਦਿੱਤਾ। ਨਵਜੋਤ ਕੌਰ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 4-0 ਕੀਤਾ ਅਤੇ ਰਾਣੀ ਨੇ 56ਵੇਂ ਮਿੰਟ ਵਿੱਚ ਪੰਜਵਾਂ ਗੋਲ ਕਰਨ ਦੇ ਨਾਲ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਮੈਚ 5-0 ਨਾਲ ਭਾਰਤ ਦੀ ਝੋਲੀ ਪਾ ਦਿੱਤਾ।
Sports ਹਾਕੀ: ਰਾਣੀ ਦੀ ਹੈਟ੍ਰਿਕ, ਭਾਰਤ ਨੇ ਥਾਈਲੈਂਡ ਨੂੰ 5-0 ਗੋਲਾਂ ਨਾਲ ਹਰਾਇਆ