ਭੁਬਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ 2-1 ਗੋਲਾਂ ਨਾਲ ਹਰਾ ਕੇ ਉਲਟਫੇਰ ਕੀਤਾ ਅਤੇ ਐੱਫਆਈਐੱਚ ਪ੍ਰੋ ਲੀਗ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਐੱਫਆਈਐੱਚ ਪ੍ਰੋ ਲੀਗ ਦੇ ਸ਼ੁਰੂਆਤੀ ਦੋ ਮੈਚਾਂ ਵਿੱਚ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡ ਨੂੰ ਹਰਾਉਣ ਮਗਰੋਂ ਭਾਰਤ ਨੇ ਇੱਥੇ ਕਲਿੰਗਾ ਸਟੇਡੀਅਮ ਵਿੱਚ ਹੋਏ ਰੋਮਾਂਚਕ ਮੁਕਾਬਲੇ ਵਿੱਚ ਅੱਵਲ ਦਰਜੇ ਦੀ ਟੀਮ ਬੈਲਜੀਅਮ ਨੂੰ ਸ਼ਿਕਸਤ ਦੇ ਕੇ ਜੇਤੂ ਲੈਅ ਜਾਰੀ ਰੱਖੀ।
ਮਨਦੀਪ ਸਿੰਘ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤੀ ਟੀਮ ਨੂੰ ਲੀਡ ਦਿਵਾਈ, ਪਰ ਗੌਤੀਅਰ ਬੋਕਾਰਡ ਨੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਡਰੈਗ ਫਲਿੱਕ ਨਾਲ ਯੂਰੋਪੀ ਚੈਪੀਅਨ ਬੈਲਜੀਅਮ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਰਮਨਦੀਪ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਫ਼ੈਸਲਾਕੁਨ ਗੋਲ ਦਾਗ਼ਿਆ, ਜਿਸ ਕਾਰਨ ਦੁਨੀਆਂ ਦੀ ਚੌਥੇ ਨੰਬਰ ਦੀ ਟੀਮ ਨੇ ਉਸੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਸਾਹਮਣੇ ਜਿੱਤ ਦਰਜ ਕੀਤੀ, ਜਿੱਥੇ ਉਸ ਨੇ ਨੀਦਰਲੈਂਡ ਨੂੰ ਦੋ ਵਾਰ ਮਾਤ ਦਿੱਤੀ ਸੀ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਪੰਜਵੇਂ ਤੋਂ ਚੌਥੇ ਨੰਬਰ ’ਤੇ ਆਪਣੀ ਦਰਜਾਬੰਦੀ ਮਜ਼ਬੂਤ ਕਰ ਲਈ ਹੈ। ਦੋਵੇਂ ਟੀਮਾਂ ਹੁਣ ਐਤਵਾਰ ਨੂੰ ਇਸੇ ਸਟੇਡੀਅਮ ਵਿੱਚ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਭਾਰਤ ਨੇ ਆਪਣੀ ਪਹਿਲੀ ਐੱਫਆਈਐੱਚ ਹਾਕੀ ਪ੍ਰੋ ਲੀਗ ਵਿੱਚ ਨੀਦਰਲੈਂਡ ’ਤੇ 5-2, ਅਤੇ ਸ਼ੂਟਆਊਟ ਵਿੱਚ 3-1 (ਤੈਅ ਸਮੇਂ ਵਿੱਚ 3-3) ਦੀ ਜਿੱਤ ਨਾਲ ਸ਼ਾਨਦਾਰ ਸ਼ੁਰੂ ਕੀਤੀ। ਉਸ ਨੇ ਇਸ ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਬੈਲੀਅਮ ਦੀ ਜੇਤੂ ਲੈਅ ਵੀ ਰੋਕ ਦਿੱਤੀ। ਇਸ ਮੈਚ ਤੋਂ ਪਹਿਲਾਂ ਬੈਲਜੀਅਮ ਨੇ ਆਸਟਰੇਲੀਆ ਖ਼ਿਲਾਫ਼ ਦੋਵਾਂ ਮੈਚਾਂ ਵਿੱਚ 4-2 ਨਾਲ ਬਰਾਬਰ ਫ਼ਰਕ ਨਾਲ ਅਤੇ ਫਿਰ ਨਿਊਜ਼ੀਲੈਂਡ ਖ਼ਿਲਾਫ਼ 6-2 ਅਤੇ 3-1 ਨਾਲ ਜਿੱਤ ਹਾਸਲ ਕੀਤੀ ਸੀ, ਪਰ ਉਹ ਭਾਰਤ ਖ਼ਿਲਾਫ਼ ਮੌਕਿਆਂ ਨੂੰ ਗੋਲ ਵਿੱਚ ਬਦਲਣ ਲਈ ਜੂਝਦੀ ਨਜ਼ਰ ਆਈ।
ਬੈਲਜੀਅਮ ਨੇ ਹਾਲਾਂਕਿ ਗੇਂਦ ਆਪਣੇ ਕੋਲ ਰੱਖਣ ਵਿੱਚ ਦਬਦਬਾ ਬਣਾਇਆ, ਉਸ ਨੇ 38 ਵਾਰ ਸਰਕਲ ਵਿੱਚ ਥਾਂ ਬਣਾਈ, 24 ਵਾਰ ਗੋਲ ਵੱਲ ਨਿਸ਼ਾਨਾ ਲਾਇਆ ਅਤੇ 12 ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਟੀਮ ਸਰਕਲ ਦੇ ਅੰਦਰ ਸਫਲ ਨਹੀਂ ਹੋ ਸਕੀ। ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਕ੍ਰਿਸ਼ਨ ਪਾਠਕ ਨੇ ਭਾਰਤੀ ਡਿਫੈਂਸ ਨੂੰ ਮਜ਼ਬੂਤ ਰੱਖਿਆ ਅਤੇ ਮਹਿਮਾਨ ਟੀਮ ਦੇ ਸਟਰਾਈਕਰਾਂ ਵੱਲੋਂ ਬਣਾਏ ਗਏ ਹਰ ਮੌਕੇ ਨੂੰ ਅਸਫਲ ਕਰ ਦਿੱਤਾ।
ਪਾਠਕ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਉਸ ਨੇ ਕਿਹਾ, ‘‘ਅਸੀਂ ਚੰਗੀ ਸ਼ੁਰੂਆਤ ਕੀਤੀ ਅਤੇ ਸਖ਼ਤ ਮਿਹਨਤ ਕੀਤੀ। ਸਾਨੂੰ ਆਪਣੇ ਡਿਫੈਂਸ ’ਤੇ ਮਾਣ ਹੈ।’
’
Sports ਹਾਕੀ: ਭਾਰਤ ਦੀ ਵਿਸ਼ਵ ਚੈਂਪੀਅਨ ਬੈਲਜੀਅਮ ’ਤੇ ਜਿੱਤ