ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਪੱਛਮੀ ਆਸਟਰੇਲੀਆ ਥੰਡਰਸਟਿਕਸ ਨੂੰ 2-0 ਨਾਲ ਹਰਾ ਕੇ ਆਪਣੇ ਆਸਟਰੇਲੀਆ ਦੌਰੇ ਦੀ ਹਾਂ-ਪੱਖੀ ਸ਼ੁਰੂਆਤ ਕੀਤੀ ਹੈ। ਭਾਰਤ ਵੱਲੋਂ ਬੀਰੇਂਦਰ ਲਾਕੜਾ (23ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (50ਵੇਂ ਮਿੰਟ) ਨੇ ਗੋਲ ਕੀਤੇ, ਜਿਸ ਦੀ ਬਦੌਲਤ ਟੀਮ ਦੌਰੇ ਦਾ ਪਹਿਲਾ ਮੈਚ ਜਿੱਤਣ ਵਿੱਚ ਸਫਲ ਰਹੀ। ਭਾਰਤੀ ਟੀਮ ਇਸ ਦੌਰੇ ਵਿੱਚ 15 ਅਤੇ 17 ਮਈ ਨੂੰ ਆਸਟਰੇਲੀਆ ਦੀ ਕੌਮੀ ਟੀਮ ਖ਼ਿਲਾਫ਼ ਵੀ ਮੈਚ ਖੇਡੇਗੀ। ਦੋਵਾਂ ਟੀਮਾਂ ਨੇ ਪਹਿਲੇ ਕੁਆਰਟਰ ਵਿੱਚ ਸ਼ਾਨਦਾਰ ਖੇਡ ਵਿਖਾਈ ਅਤੇ ਗੋਲ ਕਰਨ ਦੇ ਕੁੱਝ ਚੰਗੇ ਮੌਕੇ ਬਣਾਏ। ਜਸਕਰਨ ਸਿੰਘ ਨੂੰ ਪੰਜਵੇਂ ਮਿੰਟ ਵਿੱਚ ਹੀ ਮੌਕਾ ਮਿਲਿਆ, ਪਰ ਉਹ ਇਸ ਦਾ ਲਾਹਾ ਨਹੀਂ ਲੈ ਸਕਿਆ। ਹਰਮਨਪ੍ਰੀਤ ਅਤੇ ਰੁਪਿੰਦਰਪਾਲ ਸਿੰਘ ਨੇ ਡਿਫੈਂਸ ਵਿੱਚ ਚੰਗਾ ਖੇਡ ਵਿਖਾ ਕੇ ਥੰਡਰਸਟਿਕਸ ਦੇ ਹਮਲਿਆਂ ਨੂੰ ਅਸਫਲ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਦਬਦਬਾ ਬਣਾਇਆ, ਪਰ ਕਪਤਾਨ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੋਵੇਂ ਗੋਲਕੀਪਰ ਬੇਲ ਰੇਨੀ ਨੂੰ ਚਕਮਾ ਦੇਣ ਵਿੱਚ ਅਸਫਲ ਰਹੇ। ਭਾਰਤ ਨੂੰ 23ਵੇਂ ਮਿੰਟ ਵਿੱਚ ਲਾਕੜਾ ਨੇ ਲੀਡ ਦਿਵਾਈ। ਭਾਰਤ ਨੇ ਦੂਜੇ ਕੁਆਰਟਰ ਦੇ ਆਖ਼ਰੀ ਪਲਾਂ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਰੇਨੀ ਨੇ ਇਸ ਨੂੰ ਵੀ ਬਚਾ ਲਿਆ। ਤੀਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਟੱਕਰ ਵੇਖਣ ਨੂੰ ਮਿਲੀ।ਇਸ ਕੁਆਰਟਰ ਵਿੱਚ ਥੰਡਰਸਟਿਕਸ ਦੀ ਟੀਮ ਭਾਰੂ ਰਹੀ, ਪਰ ਭਾਰਤ ਨੇ ਆਖ਼ਰੀ ਕੁਆਰਟਰ ਦੀ ਚੰਗੀ ਸ਼ੁਰੂਆਤ ਕੀਤੀ। ਉਸ ਨੂੰ 50ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲਿਆ। ਥੰਡਰਸਟਿਕਸ ਨੂੰ ਆਖ਼ਰੀ ਹੂਟਰ ਵਜਣ ਤੋਂ ਤਿੰਨ ਮਿੰਟ ਪਹਿਲਾਂ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਭਾਰਤ ਨੇ ਉਸ ਨੂੰ ਬਚਾ ਲਿਆ। ਭਾਰਤ ਆਪਣਾ ਅਗਲਾ ਮੈਚ ਦਸ ਮਈ ਨੂੰ ਆਸਟਰੇਲੀਆ ‘ਏ’ ਖ਼ਿਲਾਫ਼ ਖੇਡੇਗਾ।
Sports ਹਾਕੀ: ਭਾਰਤ ਦੀ ਪੱਛਮੀ ਆਸਟਰੇਲੀਆ ਥੰਡਰਸਟਿਕਸ ’ਤੇ 2-0 ਨਾਲ ਜਿੱਤ