ਨਵੀਂ ਦਿੱਲੀ- ਫਿੱਟਨੈੱਸ ਹਾਸਲ ਕਰ ਚੁੱਕੇ ਮਿੱਡਫੀਲਡਰਾਂ ਚਿੰਗਲੈਨਸਾਨਾ ਸਿੰਘ ਤੇ ਸੁਮਿਤ ਨੇ ਭੁਵਨੇਸ਼ਵਰ ਵਿੱਚ ਨੈਦਰਜ਼ਲੈਂਡ ਖ਼ਿਲਾਫ਼ ਹੋਣ ਵਾਲੇ ਸੈਸ਼ਨ ਦੇ ਸ਼ੁਰੂਆਤੀ ਐੱਫਆਈਐੱਚ ਹਾਕੀ ਪ੍ਰੋ ਲੀਗ 2020 ਮੁਕਾਬਲੇ ਲਈ ਸੋਮਵਾਰ ਨੂੰ 20 ਮੈਂਬਰੀ ਟੀਮ ਵਿਚ ਵਾਪਸੀ ਕੀਤੀ।
ਚਿੰਗਲੈਨਸਾਨਾ ਨੇ ਸੱਟ ਕਾਰਨ ਇਕ ਸਾਲ ਬਾਅਦ ਟੀਮ ਵਿੱਚ ਵਾਪਸੀ ਕੀਤੀ ਹੈ ਜਦੋਂਕਿ ਸੁਮਿਤ ਨੇ ਜੂਨ ’ਚ ਐੱਫਆਈਐੱਚ ਪੁਰਸ਼ ਸੀਰੀਜ਼ ਫਾਈਨਲ ਦੌਰਾਨ ਗੁੱਟ ’ਚ ਲੱਗੀ ਸੱਟ ਤੋਂ ਉਭਰਨ ਤੋਂ ਬਾਅਦ ਟੀਮ ਵਿੱਚ ਜਗ੍ਹਾ ਬਣਾਈ ਹੈ। ਚਿੰਗਲੈਨਸਾਨਾ ਨੂੰ ਫਰਵਰੀ ’ਚ ਨੌਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ 2019 (‘ਏ’ ਡਿਵੀਜ਼ਨ) ’ਚ ਰੇਲਵੇ ਦੀ ਅਗਵਾਈ ਕਰਦੇ ਹੋਏ ਖ਼ਿਤਾਬੀ ਜਿੱਤ ਦੌਰਾਨ ਫਾਈਨਲ ’ਚ ਫਰੈਕਚਰ ਹੋਇਆ ਸੀ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ’ਚ ਹੋਣ ਵਾਲੇ ਦੋ ਮੈਚਾਂ ਦੇ ਇਸ ਮੁਕਾਬਲੇ ਲਈ ਹਾਕੀ ਇੰਡੀਆ ਵੱਲੋਂ ਐਲਾਨੀ ਟੀਮ ਦੀ ਅਗਵਾਈ ਮਿੱਡਫੀਲਡਰ ਮਨਪ੍ਰੀਤ ਸਿੰਘ ਕਰੇਗਾ ਜਦੋਂਕਿ ਡਰੈਗਫਲਿੱਕਰ ਹਰਮਨਪ੍ਰੀਤ ਸਿੰਘ ਉਪ ਕਪਤਾਨ ਹੋਵੇਗਾ। ਪਹਿਲੇ ਟੂਰਨਾਮੈਂਟ ਤੋਂ ਬਾਹਰ ਰਹਿਣ ਤੋਂ ਬਾਅਦ ਭਾਰਤ 18 ਤੇ 19 ਜਨਵਰੀ ਨੂੰ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੈਦਰਜ਼ਲੈਂਡ ਖ਼ਿਲਾਫ਼ ਪ੍ਰੋ ਲੀਗ ’ਚ ਸ਼ੁਰੂਆਤ ਕਰੇਗਾ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਇਸ ਹਫ਼ਤੇ ਭੁਵਨੇਸ਼ਵਰ ’ਚ ਨੈਦਰਜ਼ਲੈਂਡ ਨਾਲ ਭਿੜਨ ਲਈ ਅਸੀਂ ਤਜ਼ਰਬੇਕਾਰ ਟੀਮ ਚੁਣੀ ਹੈ। ਵਰੁਨ ਕੁਮਾਰ ਨੇ ਓਲੰਪਿਕ ਕੁਆਲੀਫਾਇਰ ਦੌਰਾਨ ਸੱਟ ਲੱਗਣ ਤੋਂ ਬਾਅਦ ਇਸ ਹਫ਼ਤੇ ਟਰੇਨਿੰਗ ’ਚ ਵਾਪਸੀ ਕੀਤੀ, ਚੋਣ ਲਈ ਉਸ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਚਿੰਗਲੈਨਸਾਨਾ ਨੇ ਇਕ ਸਾਲ ਬਾਅਦ ਕੌਮਾਂਤਰੀ ਮੁਕਾਬਲਿਆਂ ’ਚ ਵਾਪਸੀ ਕੀਤੀ ਹੈ ਅਤੇ ਸੁਮਿਤ ਨੇ ਹੱਥ ’ਚ ਸੱਟ ਕਾਰਨ ਛੇ ਮਹੀਨੇ ਬਾਹਰ ਰਹਿਣ ਤੋਂ ਬਾਅਦ ਟੀਮ ’ਚ ਵਾਪਸੀ ਕੀਤੀ ਹੈ। ਦੋਹਾਂ ਨੇ ਚੰਗੀ ਟਰੇਨਿੰਗ ਕੀਤੀ ਅਤੇ ਸ਼ਰੀਰਕ ਤੌਰ ਤੋਂ ਫਿੱਟ ਹਨ। ਗੁਰਜੰਟ ਨੇ ਵੀ ਟਰੇਨਿੰਗ ’ਚ ਚੰਗੀ ਫਾਰਮ ਦਿਖਾਈ ਅਤੇ ਟੀਮ ’ਚ ਆਪਣੀ ਜਗ੍ਹਾ ਦੁਬਾਰਾ ਹਾਸਲ ਕੀਤੀ।’’ ਰੀਡ ਨੇ ਕਿਹਾ ਕਿ ਭਾਰਤ ਨੂੰ ਪ੍ਰੋ ਲੀਗ ਦੇ ਪਹਿਲੇ ਤਿੰਨ ਮੈਚਾਂ ’ਚ ਸਖ਼ਤ ਚੁਣੌਤੀ ਪੇਸ਼ ਕਰਨੀ ਹੋਵੇਗੀ ਕਿਉਂਕਿ ਉਸ ਨੂੰ ਦੁਨੀਆਂ ਦੀਆਂ ਸਿਖ਼ਰਲੀਆਂ ਟੀਮਾਂ ਖ਼ਿਲਾਫ਼ ਖੇਡਣਾ ਹੈ। ਭਾਰਤ ਪ੍ਰੋ ਲੀਗ ਦੇ ਪਹਿਲੇ ਤਿੰਨ ਮੈਚਾਂ ’ਚ ਨੈਦਰਜ਼ਲੈਂਡ (18 ਤੇ 19 ਜਨਵਰੀ) ਅਤੇ ਬੈਲਜੀਅਮ (8 ਤੇ 9 ਜਨਵਰੀ) ਅਤੇ ਆਸਟਰੇਲੀਆ (21 ਤੇ 22 ਫਰਵਰੀ) ਦੀ ਮੇਜ਼ਬਾਨੀ ਕਰੇਗਾ।
Sports ਹਾਕੀ: ਚਿੰਗਲੈਨਸਾਨਾ ਤੇ ਸੁਮਿਤ ਦੀ ਭਾਰਤੀ ਟੀਮ ’ਚ ਵਾਪਸੀ