ਹਾਕੀ ਖਿਡਾਰੀ ਤੇ ਉਸ ਦੇ ਦੋਸਤ ਦੀ ਗੋਲੀਆਂ ਮਾਰ ਕੇ ਹੱਤਿਆ

* ਢਾਬੇ ’ਤੇ ਹੋਇਆ ਤਕਰਾਰ ਖ਼ੂਨੀ ਝੜਪ ’ਚ ਬਦਲਿਆ; ਪਾਵਰਕੌਮ ਦੇ ਮੁਲਾਜ਼ਮ ਸਨ ਮ੍ਰਿਤਕ

* ਦੋਸ਼ੀਆਂ ਵਿੱਚ ਅਣਪਛਾਤੇ ਪਿਉ-ਪੁੱਤਰ ਸਣੇ ਚਾਰ ਸ਼ਾਮਲ

ਪਟਿਆਲਾ– ਇੱਥੇ ਪ੍ਰਤਾਪ ਨਗਰ ਖੇਤਰ ਵਿਚ ਲੰਘੀ ਰਾਤ ਢਾਬੇ ’ਤੇ ਹੋਏ ਝਗੜੇ ਮਗਰੋਂ ਅਣਪਛਾਤੇ ਵਿਅਕਤੀਆਂ ਨੇ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋਵੇਂ ਮ੍ਰਿਤਕ ਪਾਵਰਕੌਮ ਦੇ ਮੁਲਾਜ਼ਮ ਸਨ ਅਤੇ ਆਪਸ ਵਿੱਚ ਗੂੜ੍ਹੇ ਮਿੱਤਰ ਸਨ। ਮ੍ਰਿਤਕਾਂ ’ਚੋਂ ਇੱਕ ਹਾਕੀ ਦਾ ਕੌਮੀ ਖਿਡਾਰੀ ਸੀ। ਇਹ ਹੱਤਿਆਵਾਂ 12 ਬੋਰ ਦੀ ਰਾਈਫਲ ਨਾਲ ਕੀਤੀਆਂ ਗਈਆਂ ਅਤੇ ਦੋਵਾਂ ਨੌਜਵਾਨਾਂ ਦੇ ਨੇੜਿਉਂ ਸਿਰ ਵਿਚ ਗੋਲੀਆਂ ਮਾਰੀਆਂ ਗਈਆਂ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਐਨਕਲੇਵ ਅਤੇ ਸਿਮਰਨਜੀਤ ਸਿੰਘ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਵਜੋਂ ਹੋਈ ਹੈ। ਅਮਰੀਕ ਸਿੰਘ ਹਾਕੀ ਖਿਡਾਰੀ ਸੀ, ਜਿਸ ਨੂੰ 2005 ਵਿਚ ਖਿਡਾਰੀ ਹੋਣ ਕਾਰਨ ਹੀ ਨੌਕਰੀ ਮਿਲੀ ਸੀ। ਹੁਣ ਉਹ ਪਾਵਰਕੌਮ ਵਿਚ ਐੱਲਡੀਸੀ ਦੇ ਅਹੁਦੇ ’ਤੇ ਤਾਇਨਾਤ ਸੀ ਅਤੇ ਉਹ ਇਸੇ ਮਹੀਨੇ ਬੜੌਦਾ ਵਿਚ ਹੋਈਆਂ ਮਾਸਟਰ ਗੇਮਜ਼ ਖੇਡ ਕੇ ਆਇਆ ਸੀ, ਜਿਸ ਵਿੱਚ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਜਾਣਕਾਰੀ ਅਨੁਸਾਰ 19 ਫਰਵਰੀ ਰਾਤ ਸਵਾ ਦਸ ਵਜੇ ਦੋਵੇਂ ਦੋਸਤ ਪ੍ਰਤਾਪ ਨਗਰ ਨੇੜੇ ਸਥਿਤ ਨੇਪਾਲ ਢਾਬੇ ’ਤੇ ਬੈਠੇ ਸਨ ਕਿ ਇਨ੍ਹਾਂ ਦਾ ਦੋ ਹੋਰ ਵਿਅਕਤੀਆਂ ਨਾਲ ਤਕਰਾਰ ਹੋ ਗਿਆ। ਇਸ ਦੌਰਾਨ ਦੋਵਾਂ ਨੇ ਅੱਧਖੜ ਉਮਰ ਦੇ ਵਿਅਕਤੀ ਕੁੱਟਮਾਰ ਕੀਤੀ। ਭਾਵੇਂ ਪੁਲੀਸ ਅਜੇ ਜਾਂਚ ਕਰ ਰਹੀ ਹੈ ਕਿ ਪਰ ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਦਾ ਜਵਾਨ ਪੁੱਤ ਵੀ ਨਾਲ ਸੀ। ਉਹ ਆਪਣੇ ਪਿਤਾ ਨੂੰ ਲੈ ਕੇ ਉਥੋਂ ਚਲਾ ਗਿਆ ਤੇ ਕੁਝ ਹੀ ਸਮੇਂ ਬਾਅਦ ਉਹ ‘ਪਿਉ-ਪੁੱਤ’ ਦੋ ਹੋਰ ਨੌਜਵਾਨਾਂ ਸਮੇਤ ਵਾਪਸ ਢਾਬੇ ’ਤੇ ਆਏ ਅਤੇ ਨਾਲ ਲਿਆਂਦੀ 12 ਬੋਰ ਦੀ ਰਾਈਫਲ ਨਾਲ ਦੋਵਾਂ ਨੌਜਵਾਨਾਂ ਦੇ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਨੇੜਿਉਂ ਸਿਰ ਵਿਚ ਮਾਰੀਆਂ ਗਈਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਦੀ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ। ਇਤਲਾਹ ਮਿਲਣ ’ਤੇ ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦੋਵੇਂ ਲਾਸ਼ਾਂ ਹਸਪਤਾਲ ਪਹੁੰਚਾ ਦਿੱਤੀਆਂ, ਜਿਨ੍ਹਾਂ ਦਾ ਅੱਜ ਪੋਸਟਮਾਰਟਮ ਕੀਤਾ ਗਿਆ ਹੈ। ਪੁਲੀਸ ਦੀ ਮੁੱਢਲੀ ਤਫ਼ਤੀਸ਼ ਅਨੁਸਾਰ ਕਾਤਲਾਂ ਵਿਚੋਂ ਇੱਕ ਦਾ ਨਾਮ ਮਨੋਜ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਮ੍ਰਿਤਕ ਸਿਮਰਨਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਧਾਰਾ 302 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਮਰੀਕ ਸਿੰਘ ਦੀ ਪਤਨੀ ਮਾਲੇਰਕੋਟਲਾ ਵਿੱਚ ਬੀਡੀਪੀਓ ਵਜੋਂ ਤਾਇਨਾਤ ਹੈ। ਉਨ੍ਹਾਂ ਦੀ 21 ਫਰਵਰੀ ਨੂੰ ਵਿਆਹ ਦੀ ਚੌਥੀ ਵਰ੍ਹੇਗੰਢ ਵੀ ਹੈ। ਉਨ੍ਹਾਂ ਦਾ ਦੋ ਸਾਲਾਂ ਦਾ ਲੜਕਾ ਹੈ। ਉਧਰ ਦੇਰ ਸ਼ਾਮ ਤੱਕ ਪੁਲੀਸ ਵੱਲੋਂ ਮੁਲਜ਼ਮਾਂ ਦੇ ਸਕੈੱਚ ਤਿਆਰ ਕੀਤੇ ਜਾ ਰਹੇ ਸਨ। ਪਤਾ ਲੱਗਾ ਹੈ ਕਿ ਅਮਰੀਕ ਦੇ ਪੰਜ ਗੋਲ਼ੀਆਂ ਮਾਰੀਆਂ ਗਈਆਂ ਤੇ ਹੈਪੀ ਦੇ ਇੱਕ ਗੋਲ਼ੀ ਲੱਗੀ ਦੱਸੀ ਜਾ ਰਹੀ ਹੈ।

Previous articleਪੰਜਾਬ ਪੁਲੀਸ ਦੀ ਸਿੱਟ ਕਰੇਗੀ ਬੇਅਦਬੀ ਕੇਸਾਂ ਦੀ ਜਾਂਚ: ਕੈਪਟਨ
Next articleਧਾਰਾ 371 ਨੂੰ ਮਨਸੂਖ਼ ਕਰਨ ਦਾ ਕੋਈ ਇਰਾਦਾ ਨਹੀਂ: ਸ਼ਾਹ