ਜਰਖੜ ਅਕੈਡਮੀ ਅਤੇ ਸਿਗਨਲਜ਼ ਜਲੰਧਰ ਦੀਆਂ ਟੀਮਾਂ ਇੱਥੇ ਹਾਕਸ ਸਟੇਡੀਅਮ ਵਿੱਚ ਚੱਲ ਰਹੇ 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਫਾਈਨਲ ਵਿੱਚ ਪੁੱਜ ਗਈਆਂ ਹਨ।ਦਿਲਚਸਪ ਸੈਮੀਫਾਈਨਲ ਮੈਚਾਂ ਵਿੱਚ ਜਰਖੜ ਅਕੈਡਮੀ ਨੇ ਈਐੱਮਈ ਜਲੰਧਰ ਨੂੰ ਟਾਈ ਬਰੇਕਰ ਰਾਹੀਂ 5-4 ਨਾਲ ਅਤੇ ਸਿਗਨਲਜ਼ ਜਲੰਧਰ ਨੇ ਸੀਆਰਪੀਐੱਫ ਨੂੰ 4-1 ਨਾਲ ਹਰਾਇਆ।
ਪਹਿਲੇ ਸੈਮੀਫਾਈਨਲ ਵਿੱਚ ਜਰਖੜ ਅਕੈਡਮੀ ਨੇ ਲਵਜੀਤ ਸਿੰਘ ਦੇ 18ਵੇਂ ਮਿੰਟ ਵਿੱਚ ਕੀਤੇ ਮੈਦਾਨੀ ਗੋਲ ਦੀ ਬਦੌਲਤ ਈਐੱਮਈ ਜਲੰਧਰ ’ਤੇ 1-0 ਦੀ ਲੀਡ ਬਣਾ ਲਈ, ਜੋ ਪਹਿਲੇ ਅੱਧ ਤੱਕ ਕਾਇਮ ਰਹੀ। ਅਵਤਾਰ ਸਿੰਘ ਨੇ ਦੂਜੇ ਅੱਧ ਦੇ 57ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਦਾਗ਼ਿਆ। ਮੈਚ 1-1 ਨਾਲ ਬਰਾਬਰ ਰਹਿਣ ਮਗਰੋਂ ਪੈਨਲਟੀ ਸ਼ੂਟ-ਆਊਟ ਰਾਹੀ ਫ਼ੈਸਲਾ ਹੋਇਆ, ਜਿਸ ਵਿੱਚ ਜਰਖੜ ਅਕੈਡਮੀ ਨੇ ਈਐੱਮਈ ਜਲੰਧਰ ਨੂੰ 5-4 ਨਾਲ ਹਰਾ ਦਿੱਤਾ।
ਦੂਜੇ ਸੈਮੀਫਾਈਨਲ ਮੈਚ ਦੇ ਪਹਿਲੇ ਅੱਧ ਵਿੱਚ ਸਿਗਨਲਜ਼ ਜਲੰਧਰ ਅਤੇ ਸੀਆਰਪੀਐੱਫ ਦੀਆਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਮੈਚ ਦੇ ਦੂਜੇ ਅੱਧ ਦੇ ਸ਼ੁਰੂ ਵਿੱਚ ਸਿਗਨਲਜ਼ ਦੇ ਖਿਡਾਰੀ ਰਾਹੁਲ ਸਿੰਘ ਨੇ ਸੀਆਰਪੀਐੱਫ ਦੀ ਡਿਫੈਂਸ ’ਚ ਸੰਨ੍ਹ ਲਾਉਂਦਿਆਂ ਮੈਦਾਨੀ ਗੋਲ ਦਾਗ਼ਿਆ ਅਤੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਮਗਰੋਂ ਕਪਤਾਨ ਦਲੀਪ ਪਾਲ ਨੇ ਗੋਲਾਂ ਦੀ ਹੈਟ੍ਰਿਕ (45ਵੇਂ, 51ਵੇਂ ਅਤੇ 53ਵੇਂ ਮਿੰਟ) ਮਾਰ ਕੇ ਆਪਣੀ ਟੀਮ ਨੂੰ 4-0 ਦੀ ਲੀਡ ਦਿਵਾਈ। ਸੀਆਰਪੀਐੱਫ ਨੇ ਆਖ਼ਰੀ ਪਲਾਂ ਦੌਰਾਨ ਵਿਰੋਧੀ ਟੀਮ ’ਤੇ ਜ਼ੋਰਦਾਰ ਹਮਲੇ ਕੀਤੇ। ਅਖ਼ੀਰ ਜਾਵੇਦ ਖ਼ਾਨ ਨੇ 58ਵੇਂ ਮਿੰਟ ਵਿੱਚ ਸੀਆਰਪੀਐੱਫ ਲਈ ਗੋਲ ਦਾਗ਼ਿਆ, ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਸਿਗਨਲਜ਼ ਜਲੰਧਰ ਨੇ ਇਹ ਮੈਚ 4-1 ਨਾਲ ਜਿੱਤ ਲਿਆ।
ਹਾਕੀ ਫੈਸਟੀਵਲ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਜਰਖੜ ਅਕੈਡਮੀ ਅਤੇ ਸਿਗਨਲਜ਼ ਜਲੰਧਰ ਵਿਚਾਲੇ ਦੁਪਹਿਰ 2.30 ਵਜੇ ਖੇਡਿਆ ਜਾਵੇਗਾ।
Sports ਹਾਕਸ ਕੱਪ: ਜਰਖੜ ਤੇ ਸਿਗਨਲਜ਼ ਦੀਆਂ ਟੀਮਾਂ ਫਾਈਨਲ ’ਚ