(ਸਮਾਜ ਵੀਕਲੀ)
ਪੂੰਛ ਸਟੇਟਸ ਸਿੰਬਲ ਵਾਲੀ ਐਸੀ ਚਿੰਬੜੀ ਨਾਲ।
ਕੀ ਜ਼ਾਇਜ਼ ਕੀ ਨਾਜ਼ਾਇਜ਼ ਹੈ ਜਮਾ ਰਿਹਾ ਨਾ ਖਿਆਲ।
ਹਾਏ ਅੰਗਰੇਜ਼ੀ ਹਾਏ ਅੰਗਰੇਜ਼ੀ ਹਾਏ ਅੰਗਰੇਜ਼ੀ ਕਰਕੇ,
ਪਾ ਪਾ ਟੈਨਸ਼ਨ ਬੁੱਢੇ ਕਰਤੇ ਛੇ ਸਾਲਾਂ ਦੇ ਬਾਲ।
ਚੰਹੁ ਅੱਖਰਾਂ ਦੇ ਸ਼ਬਦ ਨੇ ਬੇਸ਼ੱਕ ਮੂੰਹ ਵਿੱਚ ਹਾਲੇ ਅੜਦੇ,
ਐਪਰ ਮੌਮ-ਡੈਡ ਨੂੰ ਰਹਿੰਦੀ ਲਿਟਲ ਸਟਾਰ ਦੀ ਭਾਲ਼।
ਤਿੰਨ ਭਾਸ਼ਾਵਾਂ ਮੈਥ, ਸਾਇੰਸ ਤੇ ਚਿੱਤਰਕਲਾ, ਸਾਮਾਜਿਕ,
ਕਹਿੰਦੇ ਰਹਿ ਗਈ ਕਸਰ ਜੀ ਦੇਵੋ ਕੰਪਿਊਟਰ ਵੀ ਨਾਲ਼।
ਨੀਂਦ ਪੂਰੀ ਨਾ ਭੁੱਖ ਹੀ ਲਗਦੀ ਸਿਹਤ ਕਿਵੇਂ ਬਣ ਜਾਵੇ,
ਘਟ ਗਏ ਭਾਰ ਤੇ ਚਸ਼ਮੇ ਲਗ ਗਏ ਹਾਲੋਂ ਹੋਏ ਬੇਹਾਲ।
ਵੱਛਾ ਜੋੜ ਲਿਆ ਵਿੱਚ ਗੱਡੇ ਉਹ ਵੀ ਨੀਂਦਾ, ਭੁੱਖਾ,
ਦੱਸੋ ਤਾਂ ਇਸ ਹਾਲ ਚ ਮੰਡੀ ਕਿਵੇਂ ਪੁਚਾ ਦੂ ਮਾਲ।
ਪੌੜੀ ਪੌੜੀ ਚੜ੍ਹਨਾ ਅਸਲੀ ਕਾਮਯਾਬੀ ਦਾ ਮਾਰਗ,
‘ਸਹਿਜ ਪਕੇ ਸੋ ਮੀਠਾ ਹੋਏ’ ਕੋਈ ਨਾ ਕਰਦਾ ਖਿਆਲ!
ਨਹੀਂ ਤੇ ਨਾ ਅੰਗਰੇਜ਼ੀ, ਹਿੰਦੀ ਨਾ ਹੀ ਆਵੇ ਪੰਜਾਬੀ,
‘ਕਾਂ ਆਪਣੀ ਵੀ ਭੁੱਲ ਬੈਠੇ ਜਿਉਂ ਚੱਲ ਕੇ ਹੰਸ ਦੀ ਚਾਲ’।
ਪਿੰਡ ਘੜਾਮੇਂ ਰੋਮੀ ਦਾ ਬੱਸ ਚੌਂਕੀਦਾਰਾ ਹੋਕਾ,
ਬਾਕੀ ਆਪਣੇ ਮਾਲ ਦੀ ਮਾਲਕ ਆਪੇ ਕਰੇ ਸੰਭਾਲ।
ਪੂੰਛ ਸਟੇਟਸ ਸਿੰਬਲ ਵਾਲੀ ਐਸੀ ਚਿੰਬੜੀ ਨਾਲ਼।
ਕੀ ਜ਼ਾਇਜ਼ ਕੀ ਨਾਜ਼ਾਇਜ਼ ਹੈ ਜਮਾ ਰਿਹਾ ਨਾ ਖਿਆਲ।
ਰੋਮੀ ਘੜਾਮੇਂ ਵਾਲ਼ਾ।
98552-81105