ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਕੀਤੀਆਂ ਵਾਧੂ ਉਸਾਰੀਆਂ ਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ ਡੇਢ ਮਹੀਨੇਂ ਤੋਂ ਵਿੱਢੇ ਸੰਘਰਸ਼ ਤਹਿਤ ਅੱਜ ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈੱਲਫੇਅਰ ਫੈਡਰੇਸ਼ਨ ਵੱਲੋਂ ਇਥੋਂ ਦੇ ਸੈਕਟਰ 45-ਸੀ ਦੀ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਸਨਾਤਨ ਧਰਮ ਮੰਦਰ ਨੇੜੇ ਕੀਤੀ ਇਸ ਰੈਲੀ ਦੌਰਾਨ ਭੁੱਖ ਹੜਤਾਲ ਵੀ ਕੀਤੀ ਗਈ ਜਿਸ ਵਿੱਚ ਫੈੱਡਰਸ਼ਨ ਦੇ ਚੇਅਰਮੈਨ ਨਿਰਮਲ ਦੱਤ ਸਮੇਤ ਇਲਾਕਾ ਕੌਂਸਲਰ ਕੰਵਰਪਾਲ ਸਿੰਘ ਰਾਣਾ, ਕਮਲ ਕਿਸ਼ੋਰ ਸ਼ਰਮਾ, ਵੀਕੇ ਨਿਰਮਲ, ਸੰਜੀਵ ਬਾਂਸਲ ਸਮੇਤ ਹੋਰ ਅਲਾਟੀਆਂ ਨੇ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਅਲਾਟੀਆਂ ਨੇ ਮੰਗ ਕੀਤੀ ਕਿ ਵਾਧੂ ਉਸਾਰੀਆਂ ਤੇ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਨੂੰ ਇੱਕਮੁਸ਼ਤ ਅਦਾਇਗੀ ਸਕੀਮ ਤਹਿਤ ਰੈਗੂਲਰ ਕੀਤਾ ਜਾਵੇ। ਫੈਡਰੇਸ਼ਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਊਸਿੰਗ ਬੋਰਡ ਅਲਾਟੀਆਂ ਨੂੰ ਨੋਟਿਸ ਭੇਜ ਕੇ ਤੰਗ ਕਰ ਰਿਹਾ ਹੈ। ਇਸੇ ਦੌਰਾਨ ਕੌਂਸਲਰ ਅਨਿਲ ਕੁਮਾਰ ਦੂਬੇ ਨੇ ਕਿਹਾ ਕਿ ਅਲਾਟੀਆਂ ਦੀਆਂ ਮੰਗਾਂ ਨੂੰ ਲੈਕੇ ਉਨ੍ਹਾਂ ਵਲੋਂ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਦਿੱਲੀ ਦੀ ਮਲਹੋਤਰਾ ਕਮੇਟੀ ਦੀ ਤਰਜ਼ ਤੇ ਕਮੇਟੀ ਬਣਾ ਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਜਾਵੇਗੀ। ਰੈਲੀ ਦੌਰਾਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਮੈਮੋਰੰਡਮ ਵੀ ਭੇਜਿਆ ਗਿਆ ਤੇ 10-ਮੈਂਬਰੀ ਕਮੇਟੀ ਬਣਾ ਕੇ ਕੇਂਦਰ ਸਰਕਾਰ ਕੋਲ ਇਹ ਮਸਲਾ ਚੁੱਕਣ ਲਈ ਅਪੀਲ ਕੀਤੀ ਗਈ। ਇਸ ਕਮੇਟੀ ਵਿੱਚ ਸੰਸਦ ਮੈਂਬਰ ਤੋਂ ਇਲਾਵਾ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ, ਇਥੋਂ ਦੇ ਮੇਅਰ ਅਤੇ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ, ਹਾਊਸਿੰਗ ਬੋਰਡ ਦੇ ਚੇਅਰਮੈਨ ਅਤੇ ਪ੍ਰਸ਼ਾਸਨ ਦੇ ਚੀਫ ਆਰਕੀਟੈਕਟ ਨੂੰ ਸ਼ਾਮਲ ਕੀਤੇ ਜਾਣ ’ਦੇ ਮੰਗ ਕੀਤੀ ਗਈ। ਰੈਲੀ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ, ਕੌਂਸਲਰ ਰਾਜ ਬਾਲਾ ਮਲਿਕ, ਭਾਰਤ ਕੁਮਾਰ, ਹਾਊਸਿੰਗ ਬੋਰਡ ਦੀ ਮੈਂਬਰ ਸੁਬੀਨਾ ਬਾਂਸਲ ਤੇ ਹੋਰ ਅਲਾਟੀ ਹਾਜ਼ਰ ਸਨ। ਫੈਡਰੇਸ਼ਨ ਦੇ ਚੇਅਰਮੈਨ ਪ੍ਰੋਫੈਸਰ ਨਿਰਮਲ ਦੱਤ ਨੇ ਦੱਸਿਆ ਕਿ ਅਗਲੇ ਐਂਤਵਾਰ ਰਾਮਦਰਬਾਰ ਵਿੱਚ ਰੈਲੀ ਕੀਤੀ ਜਾਵੇਗੀ।