ਮੁੰਬਈ (ਸਮਾਜ ਵੀਕਲੀ) : ਬੰਬੇ ਹਾਈ ਕੋਰਟ ਨੇ ‘ਰਿਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਦੋ ਹੋਰਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਨ੍ਹਾਂ ਤਿੰਨਾਂ ਨੂੰ ਖ਼ੁਦਕੁਸ਼ੀ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਟਿਸ ਐੱਸ.ਐੱਸ. ਸ਼ਿੰਦੇ ਤੇ ਐਮ.ਐੱਸ. ਕਾਰਨਿਕ ਦੇ ਡਿਵੀਜ਼ਨ ਬੈਂਚ ਨੇ ਗੋਸਵਾਮੀ ਤੇ ਦੋ ਹੋਰਾਂ ਦੀ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਕਿ ‘ਹਾਈ ਕੋਰਟ ਵੱਲੋਂ ਵਿਲੱਖਣ ਅਧਿਕਾਰ ਖੇਤਰ ਦੇ ਇਸਤੇਮਾਲ ਦਾ ਕੋਈ ਕੇਸ ਨਹੀਂ ਬਣਾਇਆ ਗਿਆ ਸੀ ਤੇ ਰੈਗੂਲਰ ਜ਼ਮਾਨਤ ਲਈ ਕਈ ਬਦਲ ਉਪਲਬਧ ਹਨ।’
ਅਦਾਲਤ ਦੇ ਇਸ ਫ਼ੈਸਲੇ ਨਾਲ ਗੋਸਵਾਮੀ ਦੀ ਹੁਣ ਤਲੋਜਾ ਜੇਲ੍ਹ ਵਿਚ ਹਿਰਾਸਤ ਵੱਧ ਗਈ ਹੈ। ਹਾਈ ਕੋਰਟ ਨੇ ਅੱਜ ਆਪਣੇ ਹੁਕਮ ਵਿਚ ਕਿਹਾ ‘ਪਟੀਸ਼ਨਕਰਤਾਵਾਂ ਕੋਲ ਸੈਸ਼ਨ ਕੋਰਟ ਅੱਗੇ ਜ਼ਮਾਨਤ ਲਈ ਅਰਜ਼ੀ ਦੇਣ ਦਾ ਬਦਲ ਮੌਜੂਦ ਹੈ। ਹਾਈ ਕੋਰਟ ਨੇ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਜੇ ਅਜਿਹੀ ਕੋਈ ਜ਼ਮਾਨਤ ਅਰਜ਼ੀ ਦਿੱਤੀ ਜਾਂਦੀ ਹੈ, ਤਾਂ ਸੈਸ਼ਨ ਕੋਰਟ ਇਸ ਬਾਰੇ ਚਾਰ ਦਿਨਾਂ ਵਿਚ ਫ਼ੈਸਲਾ ਦੇ ਸਕਦਾ ਹੈ।’ ਬੈਂਚ ਨੇ ਕਿਹਾ ਕਿ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਮੋੜੇ ਜਾਣ ਨਾਲ ਪਟੀਸ਼ਨਕਰਤਾ ਕੋਲ ਬਦਲ ਮੁੱਕੇ ਨਹੀਂ ਹਨ। ਸੈਸ਼ਨ ਅਦਾਲਤ ਜ਼ਮਾਨਤ ਅਰਜ਼ੀ ਮੈਰਿਟ ਦੇ ਅਧਾਰ ਉਤੇ ਸੁਣ ਕੇ ਫ਼ੈਸਲਾ ਲਏਗੀ।
ਗੋਸਵਾਮੀ ਨੇ ਸੋਮਵਾਰ ਸਵੇਰੇ ਅਲੀਬਾਗ ਸੈਸ਼ਨ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਪਾਈ ਹੈ। ਜਦਕਿ ਇਹ ਅਦਾਲਤ ਪਹਿਲਾਂ ਹੀ ਪੁਲੀਸ ਵੱਲੋਂ ਇਸ ਕੇਸ ਵਿਚ ਦਾਇਰ ਇਕ ਅਰਜ਼ੀ ’ਤੇ ਸੁਣਵਾਈ ਕਰ ਰਹੀ ਹੈ। ਪੁਲੀਸ ਨੇ ਮੈਜਿਸਟਰੇਟ ਕੋਰਟ ਵਿਚ ਅਰਨਬ ਦੀ ਨਿਆਂਇਕ ਹਿਰਾਸਤ ਦੀ ਥਾਂ ਪੁਲੀਸ ਹਿਰਾਸਤ ਮੰਗੀ ਹੈ। ਐਫਆਈਆਰ ਰੱਦ ਕਰਨ ਬਾਰੇ ਪਟੀਸ਼ਨ ਉਤੇ ਸੁਣਵਾਈ 10 ਦਸੰਬਰ ਨੂੰ ਹੋਵੇਗੀ।