ਹਾਈ ਕੋਰਟ ਦੇ ਵਕੀਲਾਂ ਅਤੇ ਇਸ ਅਦਾਲਤ ’ਚ ਆਉਣ ਵਾਲੇ ਲੋਕਾਂ ਨੂੰ ਦਰਪੇਸ਼ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਰੌਕ ਗਾਰਡਨ ਦੇ ਨਜ਼ਦੀਕ ਅੰਡਰਗਰਾਊਂਡ ਪਾਰਕਿੰਗ ਦੀ ਵਿਵਸਥਾ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਚੰਡੀਗੜ੍ਹ ਹੈਰੀਟੇਜ ਕਮੇਟੀ ਦੀ ਬੈਠਕ ਤੋਂ ਬਾਅਦ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਹਾਈ ਕੋਰਟ ’ਚ ਤਿੰਨ ਹਜ਼ਾਰ ਦੇ ਕਰੀਬ ਕਾਰਾਂ ਖੜ੍ਹਾਉਣ ਦੀ ਥਾਂ ਹੈ ਅਤੇ ਨਵੀਂ ਪਾਰਕਿੰਗ ਬਣਨ ਤੋਂ ਬਾਅਦ ਪੰਜ ਹਜ਼ਾਰ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਕੀਲ ਅਤੇ ਆਮ ਲੋਕ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਪਰ ਹਾਈ ਕੋਰਟ ਦੀ ਬਿਲਡਿੰਗ ਹੈਰੀਟੇਜ ਬਿਲਡਿੰਗ ਹੋਣ ਕਰਕੇ ਉਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਵੇਖਦੇ ਹੋਏ ਉਨ੍ਹਾਂ ਨੇ ਹਾਈ ਕੋਰਟ ਦੇ ਜੱਜਾਂ ਅਤੇ ਚੰਡੀਗੜ੍ਹ ਹੈਰੀਟੇਜ ਕਮੇਟੀ ਨਾਲ ਮੀਟਿੰਗ ਕਰਕੇ ਰੋਕ ਗਾਰਡਨ ਕੋਲ ਅੰਡਰਗਰਾਊਂਡ ਪਾਰਕਿੰਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਦੌਰਾਨ ਰੌਕ ਗਾਰਡਨ ਕੋਲ ਤਿਆਰ ਕੀਤੀ ਜਾਣ ਵਾਲੀ ਪਾਰਕਿੰਗ ਦੇ ਨਕਸ਼ੇ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਸ੍ਰੀ ਪਰੀਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 2 ਮਹੀਨੇ ’ਚ ਨਵੀਂ ਪਾਰਕਿੰਗ ਦੇ ਕੰਮ ਬਾਰੇ ਟੈਂਡਰ ਲਗਵਾ ਦਿੱਤੇ ਜਾਣਗੇ। ਇਸ ਮੌਕੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲੀਸ ਦੇ ਅਧਿਕਾਰੀ ਹਾਜ਼ਰ ਸਨ।