ਚੰਡੀਗੜ੍ਹ- ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸਕੱਤਰੇਤ ਨੂੰ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਸੂਚਨਾ ਪੱਤਰ ਭੇਜਣ ਕਾਰਨ ਚੰਡੀਗੜ੍ਹ ਪੁਲੀਸ ਅਲਰਟ ਹੋ ਗਈ ਹੈ ਅਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਸੁੂਹੀਆ ਕੁੱਤਿਆਂ ਰਾਹੀਂ ਇਨ੍ਹਾਂ ਖੇਤਰਾਂ ਦੀ ਜਾਂਚ ਵੀ ਕਰਵਾਈ ਗਈ ਹੈ। ਪੁਲੀਸ ਨੇ ਇਥੇ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੈ ਜਿਸ ਤਹਿਤ ਪੁਲੀਸ ਦੇ ਜਵਾਨ, ਘੋੜ ਸਵਾਰ ਪੁਲੀਸ ਅਤੇ ਅਪਰੇਸ਼ਨ ਸੈੱਲ ਦੇ ਕਮਾਂਡੋ ਤਾਇਨਾਤ ਕੀਤੇ ਹਨ। ਪੁਲੀਸ ਸੂਤਰਾਂ ਅਨੁਸਾਰ ਕਿਸੇ ਵਿਅਕਤੀ ਨੇ ਰਜਿਸਟਰਡ ਪੱਤਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਲਿਖਿਆ ਹੈ। ਇਸ ਪੱਤਰ ਵਿਚ ਪੰਜਾਬੀ ਦੇ ਸ਼ਬਦ ਅੰਗਰੇਜ਼ੀ ਵਿਚ ਲਿਖੇ ਗਏ ਹਨ। ਇਹ ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਪਿੱਛਲੇ ਸਮੇਂ ਇਕ ਜੇਲ੍ਹ ਵਿਚ ਬੰਦ ਸੀ ਅਤੇ ਉਥੇ ਉਸ ਨੂੰ ਇਕ ਵਿਅਕਤੀ ਮਿਲਿਆ ਸੀ। ਪੱਤਰ ਲਿਖਣ ਵਾਲੇ ਅਨੁਸਾਰ ਉਸ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ ਜੇਲ੍ਹ ਵਿਚੋਂ ਬਾਹਰ ਜਾ ਕੇ ਉਸ ਲਈ ਕੰਮ ਕਰੇਗਾ ਤਾਂ ਉਸ ਨੂੰ ਪੈਸੇ ਨਾਲ ਮਾਲਾ-ਮਾਲ ਕਰ ਦਿੱਤਾ ਜਾਵੇਗਾ। ਇਸ ਵਿਅਕਤੀ ਨੇ ਅੱਗੇ ਲਿਖਿਆ ਹੈ ਕਿ ਜੇਲ੍ਹ ਵਿਚੋਂ ਬਾਹਰ ਆਉਣ ’ਤੇ 8 ਅਕਤੂਬਰ ਨੂੰ ਉਸ ਨੂੰ ਦੋ ਅਣਪਛਾਤੇ ਵਿਅਕਤੀ ਮਿਲੇ, ਜਿਨ੍ਹਾਂ ਦੇ ਨਾਮ ਸੁਲੇਮਾਨ ਅਤੇ ਹਮੀਦ ਸਨ। ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਉਸ ਨੂੰ ਸੰਗਰੂਰ ਲੈ ਗਏ ਸਨ, ਜਿਥੇ ਉਹ ਕੁਝ ਵਿਅਕਤੀਆਂ ਨੂੰ ਮਿਲੇ ਸਨ। ਉਸ ਨੇ ਅੱਗੇ ਲਿਖਿਆ ਹੈ ਕਿ ਫਿਰ ਉਹ ਦੋਵੇਂ ਵਿਅਕਤੀ ਉਸ ਨੂੰ 10 ਅਕਤੂਬਰ ਨੂੰ ਚੰਡੀਗੜ੍ਹ ਲੈ ਆਏ ਸਨ। ਉਸ ਨੇ ਲਿਖਿਆ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ 16 ਅਕਤੂਬਰ ਨੂੰ ਹਾਈ ਕੋਰਟ ਅਤੇ ਸਕੱਤਰੇਤ ਦੀਆਂ ਇਮਾਰਤਾਂ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਣਾਈ ਹੈ। ਇਹ ਵਿਅਕਤੀ ਅੱਗੇ ਲਿਖਦਾ ਹੈ ਕਿ ਉਸ ਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ, ਜਿਸ ਕਾਰਨ ਉਹ ਅਜਿਹੀ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਹ ਪੱਤਰ ਲਿਖ ਰਿਹਾ ਹੈ ਤਾਂ ਜੋ ਸਬੰਧਤ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾ ਸਕੇ। ਰਜਿਸਟਰਾਰ ਵੱਲੋਂ ਇਹ ਪੱਤਰ ਚੰਡੀਗੜ੍ਹ ਪੁਲੀਸ ਦੇ ਹਵਾਲੇ ਕਰਦਿਆਂ ਹੀ ਸਥਾਨਕ ਪੁਲੀਸ ਅਲਰਟ ਹੋ ਗਈ ਹੈ ਅਤੇ ਹਾਈ ਕੋਰਟ ਤੇ ਸਕੱਤਰੇਤ ਦੀ ਸੁਰੱਖਿਆ ਹੰਗਾਮੀ ਹਾਲਤ ਵਿਚ ਵਧਾ ਦਿੱਤੀ ਹੈ। ਪੁਲੀਸ ਅਨੁਸਾਰ ਪੱਤਰ ਲਿਖਣ ਵਾਲੇ ਨੇ ਅਖੀਰ ਵਿਚ ਆਪਣਾ ਨਾਮ ਪਰਮਜੀਤ ਸਿੰਘ ਟੰਗੌਰੀ, ਪੰਜਾਬ ਲਿਖਿਆ ਹੈ। ਸੂਤਰਾਂ ਅਨੁਸਾਰ ਹੰਗਾਮੀ ਹਾਲਤ ਵਿਚ ਪੁਲੀਸ ਪਿੰਡ ਟੰਗੌਰੀ ਪਹੁੰਚੀ ਅਤੇ ਉਥੋਂ ਦੇ ਪਰਮਜੀਤ ਸਿੰਘ ਦੇ ਨਾਮ ਦੇ ਵਿਅਕਤੀ ਦੀ ਪੁੱਛ ਪੜਤਾਲ ਵੀ ਕੀਤੀ ਹੈ ਪਰ ਉਸ ਦਾ ਇਸ ਪੱਤਰ ਨਾਲ ਕੋਈ ਸਬੰਧ ਨਹੀਂ ਨਿਕਲਿਆ। ਚੰਡੀਗੜ੍ਹ ਪੁਲੀਸ ਨੇ ਇਸ ਪੱਤਰ ਦੀ ਜਾਣਕਾਰੀ ਪੰਜਾਬ ਪੁਲੀਸ ਨੂੰ ਵੀ ਦੇ ਦਿੱਤੀ ਹੈ।
INDIA ਹਾਈ ਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ